ਭੂ-ਮਾਫੀਆ ਦੀਆਂ ਸ਼ਿਕਾਇਤਾਂ ਕਰਨੀਆਂ ਪਈਆਂ ਮਹਿੰਗੀਆਂ, ਵਪਾਰ ਮੰਡਲ ਦੇ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Sunday, Jun 27, 2021 - 08:26 PM (IST)
ਪਟਿਆਲਾ(ਰਾਜੇਸ਼, ਬਲਜਿੰਦਰ, ਜ. ਬ., ਰਾਣਾ)- ਪਟਿਆਲਾ ’ਚ ਭੂ-ਮਾਫੀਆ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦੀਆਂ ਸ਼ਿਕਾਇਤਾਂ ਕਰਨ ਵਾਲੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 15 ਲੱਖ ਰੁਪਏ ਫਿਰੌਤੀ ਨਾ ਦਿੱਤੀ ਤਾਂ ਫਿਰ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਥੇ ਪਟਿਆਲਾ ਮੀਡੀਆ ਕਲੱਬ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਕੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ 19 ਜੂਨ ਨੂੰ ਇਕ ਚਿੱਠੀ ਆਈ। ਜਿਸ ’ਚ ਲਿਖਿਆ ਹੋਇਆ ਸੀ ਕਿ ਵਿਅਕਤੀ ਬਲਜਿੰਦਰ ਸਿੰਘ ਸਮਾਣਾ ਦਾ ਇਕ ਗੈਂਗਸਟਰ ਹੈ। ਉਸ ਨੂੰ ਰਾਕੇਸ਼ ਗੁਪਤਾ ਯਾਨੀ ਮੈਨੂੰ ਮਾਰਨ ਦੇ ਲਈ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਹੈ। ਜੇਕਰ ਰਾਕੇਸ਼ ਗੁਪਤਾ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ ਤਾਂ ਫਿਰ 15 ਲੱਖ ਰੁਪਏ ਦੇ ਦੇਣ। ਚਿੱਠੀ ਲਿਖਣ ਵਾਲੇ ਨੇ ਪੁਲਸ ’ਚ ਜਾਣ ਵਿਰੁੱਧ ਵੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ- ਬੇਰੋਜ਼ਗਾਰ ਅਧਿਆਪਕਾਂ ਨੇ ਨੰਗੇ ਧੜ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ
ਉਨ੍ਹਾਂ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਮਿਲ ਕੇ ਚਿੱਠੀ ਸੌਂਪੀ ਅਤੇ ਸਾਰਾ ਮਾਮਲਾ ਦੱਸਿਆ ਤਾਂ ਉਨ੍ਹਾਂ ਨੇ ਡੀ. ਐੱਸ. ਪੀ. ਡੀ. ਦੀ ਡਿਊਟੀ ਇਸ ਮਾਮਲੇ ’ਚ ਲਗਾ ਦਿੱਤੀ। ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਚਿੱਠੀ ਗੁਰਬਖਸ਼ ਕਾਲੋਨੀ ਦੇ ਡਾਕਖਾਨੇ ਤੋਂ ਪੋਸਟ ਕੀਤੀ ਗਈ ਹੈ। ਪੁਲਸ ਨੇ ਸਾਰੀ ਸੀ. ਸੀ. ਟੀ. ਵੀ. ਫੁਟੇਜ ਵੀ ਕੱਢਵਾਈ ਹੈ। ਚਿੱਠੀ ’ਤੇ ਜਿਸ ਘਰ ਦਾ ਪਤਾ ਯਾਨੀ 168 ਸੁੰਦਰ ਨਗਰ ਲਿਖਿਆ ਹੈ, ਉਹ ਘਰ ਕਈ ਸਾਲਾਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਨੂੰ ਫੜਿਆ ਜਾਵੇ ਅਤੇ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਜਾਨ ਹੀ ਕਿਉਂ ਨਾ ਗੁਆਉਣੀ ਪਵੇ, ਉਹ ਵਪਾਰੀਆਂ ਅਤੇ ਲੋਕਾਂ ਦੀ ਭਲਾਈ ਦਾ ਕੰਮ ਬੰਦ ਨਹੀਂ ਕਰਨਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?