ਸ਼ਹਿਰ ਵਾਸੀਆਂ ਬਿਜਲੀ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰ ਕੇ ਕੀਤਾ ਚੱਕਾ ਜਾਮ

Tuesday, Aug 15, 2017 - 12:06 AM (IST)

ਗੁਰਦਾਸਪੁਰ,  (ਦੀਪਕ)-  ਬੀਤੀ ਰਾਤ ਅੱਧੇ ਤੋਂ ਵੱਧ ਸ਼ਹਿਰ ਦੀ ਲਾਈਟ ਖਰਾਬ ਹੋਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਦੇਰ ਰਾਤ ਰੋਸ ਵਿਚ ਆ ਕੇ ਸ਼ਹਿਰੀ ਸਬ-ਡਵੀਜ਼ਨ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਚੱਕਾ ਜਾਮ ਕੀਤਾ ਗਿਆ। 
ਇਸ ਮੌਕੇ ਰਾਕੇਸ਼ ਜੋਤੀ, ਪਵਨ ਕੁਮਾਰ, ਦੀਪਕ, ਸ਼ਾਨੂੰ ਸਮੇਤ ਹੋਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਲਾਈਟ ਨਹੀਂ ਆਈ ਅਤੇ ਅਸੀਂ ਕਈ ਵਾਰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਾਂ ਪਰ ਡਿਊਟੀ 'ਤੇ ਹਾਜ਼ਰ ਕਰਮਚਾਰੀ ਪਿਛਲੇ ਤਿੰਨ ਦਿਨਾਂ ਤੋਂ ਸਿਰਫ਼ ਲਾਰੇ ਹੀ ਲਾ ਰਹੇ ਹਨ ਕਿ ਅੱਧੇ ਘੰਟੇ 'ਚ ਲਾਈਟ ਆ ਜਾਵੇਗੀ। 
ਸ਼ਹਿਰ ਵਾਸੀਆਂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਲਗਾਤਾਰ ਬਿਜਲੀ ਮਿਲਣ 'ਤੇ ਯਾਦ ਕੀਤਾ ਅਤੇ ਕੈਪਟਨ ਸਰਕਾਰ ਨੂੰ ਰੱਜ ਕੇ ਕੋਸਿਆ। ਲੋਕਾਂ ਦਾ ਕਹਿਣਾ ਸੀ ਕਿ ਸਿਰਫ 6 ਮਹੀਨਿਆਂ 'ਚ ਹੀ ਕੈਪਟਨ ਸਰਕਾਰ ਨੇ ਲਾਈਟ ਨਾ ਦੇ ਕੇ ਜਨਤਾ ਦੀ ਤੌਬਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਈਟ ਨਾ ਆਉਣ ਕਰ ਕੇ ਬੱਚਿਆਂ ਦਾ ਸੌਣਾ ਵੀ ਮੁਸ਼ਕਲ ਹੋ ਗਿਆ ਹੈ।
ਕੀ ਕਹਿਣਾ ਹੈ ਬਿਜਲੀ ਕਰਮਚਾਰੀਆਂ ਦਾ
ਡਿਊਟੀ 'ਤੇ ਹਾਜ਼ਰ ਬਿਜਲੀ ਕਰਮਚਾਰੀਆਂ ਦਾ ਕਹਿਣਾ ਹੈ ਕਿ 132 ਕੇ. ਵੀ. ਖਰਾਬ ਹੋਣ ਨਾਲ ਇਹ ਸਮੱਸਿਆ ਆ ਰਹੀ ਹੈ। ਜਦੋਂ ਇਹ ਪੁੱਛਿਆ ਗਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਇਹ ਸਮੱਸਿਆ ਹੱਲ ਕਿਉਂ ਨਹੀਂ ਹੋਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਉਸ ਦਾ ਕਹਿਣਾ ਸੀ ਕਿ ਅਸੀਂ ਸਿਰਫ ਫਿਊਜ਼ ਆਦਿ ਦੀ ਸ਼ਿਕਾਇਤ ਹੀ ਦੂਰ ਕਰ ਸਕਦੇ ਹਾਂ ਪਰ 132 ਕੇ. ਵੀ. ਦੀ ਰਿਪੇਅਰ ਚਾਲੂ ਹੈ ਅਤੇ ਸਾਨੂੰ ਕਿਹਾ ਗਿਆ ਹੈ ਕਿ ਸਾਰੇ ਫੀਡਰਾਂ ਨੂੰ ਦੋ-ਦੋ ਘੰਟੇ ਲਾਈਟ ਦੇਣੀ ਹੈ।
ਏਰੀਅਰ ਦੇ ਐਕਸੀਅਨ ਨਾਲ ਗੱਲ ਕਰ ਕੇ ਸਮੱਸਿਆ ਤੋਂ ਦਿਵਾਈ ਜਾਵੇਗੀ ਨਿਜਾਤ : ਪਾਹੜਾ
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਲਾਈਟ ਬੰਦ ਦੀ ਆ ਰਹੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਆ ਗਈ ਹੈ। ਜਲਦ ਹੀ ਉਹ ਏਰੀਅਰ ਦੇ ਐਕਸੀਅਨ ਨਾਲ ਗੱਲ ਕਰ ਕੇ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।


Related News