ਚੱਢਾ ਖੁਦਕੁਸ਼ੀ ਮਾਮਲਾ : ਹੋਟਲ ਤੇ ਸਪਾਟ ਦੀ ਜਾਂਚ ਕਰਨ ਪਹੁੰਚੀ ਐੱਸ. ਆਈ. ਟੀ

01/18/2018 1:50:45 PM

ਅੰਮ੍ਰਿਤਸਰ (ਸੰਜੀਵ) - ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅੱਜ ਆਈ. ਜੀ. ਕ੍ਰਾਇਮ ਐੱਲ. ਦੇ ਯਾਦਵ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਪਹੁੰਚੀ, ਜਿੱਥੇ ਉਨ੍ਹਾਂ ਨੇ ਵਾਰਦਾਤ ਸਮੇਂ ਮੌਜੂਦ ਇੰਦਰਪ੍ਰੀਤ ਦੇ ਡਰਾਇਵਰ ਨੂੰ ਨਾਲ ਲੈ ਕੇ ਉਸ ਦੀ ਗੱਡੀ ਦੀ ਜਾਂਚ ਕੀਤੀ, ਜਿਸ 'ਚ ਇੰਦਰਪ੍ਰੀਤ ਨੇ ਖੁਦ ਨੂੰ ਗੋਲੀ ਮਾਰੀ ਸੀ। ਐੱਸ. ਆਈ. ਟੀ. ਹੋਟਲ ਹਮਬਲ ਉੂਨਾ, ਹੋਟਲ ਕਲਾਕ ਇਨ ਤੇ ਘਟਨਾ ਸਥਾਨ 'ਤੇ ਗਈ। ਟੀਮ ਵੱਲੋਂ ਚੀਫ ਖਾਲਸਾ ਦੀਵਾਨ ਕਮੇਟੀ ਦੇ ਕੁਝ ਮੈਂਬਰਾਂ ਨੂੰ ਵੀ ਸੱਦ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਦੇਰ ਰਾਤ ਤੱਕ ਆਈ. ਜੀ. ਕ੍ਰਾਇਮ ਇਸ ਸਬੰਧ 'ਚ ਆਪਣੀ ਜਾਂਚ 'ਚ ਜੁੱਟੇ ਹੋਏ ਸਨ। 
ਐੱਸ. ਆਈ. ਟੀ. 'ਚ ਏ. ਆਈ. ਜੀ. ਸੁਰਿੰਦਰਪਾਲ ਸਿੰਘ ਮੰਡ, ਡੀ. ਸੀ. ਪੀ. ਇੰਨਵੈਸਟੀਗੇਸ਼ਨ ਮਨਮੋਹਰ ਸਿੰਘ, ਏ. ਸੀ. ਪੀ. ਕ੍ਰਾਇਮ ਸਮੇਤ ਥਾਣਾ ਇੰਚਾਰਜ ਵੀ ਸ਼ਾਮਲ ਸੀ। ਟੀਮ ਦੇ ਨਾਲ ਇੰਦਰਪ੍ਰੀਤ ਦੇ ਬੇਟਾ ਅਨਮੋਲ ਵੀ ਸੀ। ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਣਜੀਤ ਸਿੰਘ ਚੱਢਾ ਦੇ ਬੇਟੇ ਇੰਦਪ੍ਰੀਤ ਸਿੰਘ ਚੱਢਾ ਨੇ ਮਾਨਸਿਕ ਤਣਾਵ 'ਚ ਆ ਕੇ ਖੁਦ ਨੂੰ ਗੋਲੀ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਉਪਰੰਤ ਪੁਲਸ ਨੂੰ ਮਿਲੇ ਇੰਦਰਪ੍ਰੀਤ ਦੇ ਸੁਸਾਇਡ ਨੋਟ ਦੇ ਅਧਾਰ 'ਤੇ ਜ਼ਿਲਾ ਪੁਲਸ ਵੱਲੋਂ 11 ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਸੁਸਾਇਡ ਨੋਟ 'ਚ ਕੁਝ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਇਸ ਦੀ ਜਾਂਚ ਡੀ. ਜੀ. ਪੀ. ਪੰਜਾਬ ਵੱਲੋਂ ਆਈ. ਜੀ. ਕ੍ਰਾਇਮ ਐੱਸ. ਕੇ ਯਾਦਵ ਦੀ ਪ੍ਰਧਾਨਗੀ ਹੇਠ ਸਿਟ ਬਣਾ ਕੇ ਉਸ ਨੂੰ ਸੌਂਪ ਦਿੱਤੀ ਗਈ ਸੀ। ਇਨ੍ਹਾਂ ਸਬੰਧਾਂ 'ਚ ਅੱਜ ਸਿਟ ਨੇ ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਸਾਰੇ ਥਾਵਾਂ ਦੀ ਜਾਂਚ ਕੀਤੀ, ਜਿੱਥੇ ਖੁਦਕੁਸ਼ੀ ਕਰ ਲਈ ਇੰਦਰਪ੍ਰੀਤ ਸਿੰਘ ਚੱਢਾ ਆਪਣੇ ਡਰਾਈਵਰ ਨਾਲ ਗੱਡੀ 'ਚ ਨਿਕਲਿਆ ਸੀ, ਜਿਸ ਤੋਂ ਉਪਰੰਤ ਏਅਰਪੋਰਟ ਰੋਡ 'ਤੇ ਸਥਿਤ ਇਕ ਕਾਲੋਨੀ 'ਚ ਗਿਆ, ਉੱਥੇ ਉਸ ਨੇ ਖੁਦ ਨੂੰ ਗੋਲੀ ਮਾਰੀ। ਸਿਟ ਦੁਆਰਾ ਇੰਦਰਪ੍ਰੀਤ ਦੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤੇ ਕੁਝ ਅਜਿਹੇ ਸੁਰਾਗ ਇਕੱਠੇ ਹੋਏ, ਜਿਨ੍ਹਾਂ ਦੇ ਆਧਾਰ 'ਤੇ ਸਿਟ ਆਪਣੀ ਰਿਪੋਟ ਤਿਆਰ ਕਰ ਰਹੀ ਹੈ।  


Related News