ਸਰਟੀਫਿਕੇਟ ਦੇ ਚੱਕਰਾਂ ''ਚ ਬੁਰੇ ਫਸੇ ਮੁਹੰਮਦ ਸਦੀਕ

Thursday, May 02, 2019 - 04:06 PM (IST)

ਸਰਟੀਫਿਕੇਟ ਦੇ ਚੱਕਰਾਂ ''ਚ ਬੁਰੇ ਫਸੇ ਮੁਹੰਮਦ ਸਦੀਕ

ਫਰੀਦਕੋਟ/ਮੋਗਾ (ਵਿਪਨ)—ਆਪਣਾ ਸਮਾਜ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਸਵਰਨ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਹੰਮਦ ਸਦੀਕ ਕੋਲ ਇਕ ਓ.ਬੀ.ਸੀ. ਅਤੇ ਏ.ਸੀ. ਦਾ ਵੱਖ-ਵੱਖ ਸਰਟੀਫਿਕੇਟ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਇਸ ਸਬੰਧੀ ਆਰ.ਓ. ਫਰੀਦਕੋਟ ਨੇ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣੀ ਜਿਸ ਕਾਰਨ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਦੱਸਣਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਦੀਕ ਜਦੋਂ ਭਦੌੜ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਤਾਂ ਉਨ੍ਹਾਂ ਦੀ ਜਾਤੀ ਦੇ ਵਿਵਾਦ ਨੇ ਸਿਆਸੀ ਰੂਪ ਲੈ ਲਿਆ ਸੀ ਅਤੇ ਆਖਿਰਕਾਰ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ।

ਦੂਜੇ ਪਾਸੇ ਸਵਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਡੈਮੋਕ੍ਰਟਿਕ ਅਲਾਇੰਸ ਦੇ ਫਰੀਦਕੋਟ ਤੋਂ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਪੰਜਾਬ ਏਕਤਾ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਹ ਅਹੁਦੇ 'ਤੇ ਰਹਿ ਕੇ ਦੂਜੀ ਪਾਰਟੀ ਤੋਂ ਚੋਣਾਂ ਕਿਵੇਂ ਲੜ ਸਕਦੇ ਹਨ।

ਜਦੋਂ ਇਸ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ। ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਗਲਤੀ ਨਾਲ ਇਕ ਸਰਟੀਫਿਕੇਟ ਜਿਸ 'ਚ ਮਰਾਸੀ ਵੀ ਲਿਖੀ ਹੋਈ ਸੀ ਉਹ ਉਨ੍ਹਾਂ ਨੂੰ ਜਾਰੀ ਹੋਇਆ ਸੀ 'ਤੇ ਨਾਲ ਹੀ ਉਨ੍ਹਾਂ ਨੇ ਉਹ ਸਰਟੀਫਿਕੇਟ ਐੱਸ.ਡੀ. ਐੱਮ ਨੂੰ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸ਼ਿਕਾਇਤ ਕਰਦੇ ਰਹਿੰਦੇ ਹੈ, ਜਦਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਆਰਡਰ ਦੀ ਕਾਪੀ ਵੀ ਨਾਲ ਲਗਾਈ ਹੈ।


author

Shyna

Content Editor

Related News