ਚੰਗੀ ਪੈਦਾਵਾਰ ਨਾ ਹੋਣ ਕਾਰਨ 2 ਏਕੜ ਨਰਮੇ ਦੀ ਫਸਲ 'ਤੇ ਟਰੈਕਟਰ ਚਲਾਇਆ
Friday, Aug 25, 2017 - 01:07 PM (IST)
ਅਬੋਹਰ(ਸੁਨੀਲ) - ਉਪਮੰਡਲ ਦੇ ਪਿੰਡ ਦਾਨੇਵਾਲਾ ਸਤਕੋਸੀ ਦੇ ਦੋ ਕਿਸਾਨਾਂ ਨੇ ਅੱਜ ਨਰਮੇ ਦੀ ਚੰਗੀ ਪੈਦਾਵਾਰ ਨਾ ਹੋਣ 'ਤੇ ਮਜਬੂਰਨ 2 ਏਕੜ ਨਰਮੇ ਦੀ ਫਸਲ 'ਤੇ ਟਰੈਕਟਰ ਚੱਲਾ ਦਿੱਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਦਾਨੇਵਾਲਾ ਸਤਕੋਸੀ ਕਿਸਾਨ ਗੁਰਮੇਲ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ 'ਤੇ ਬੀਟੀ 373 ਨਰਮੇ ਦਾ ਬੀਜ ਬੋਇਆ ਸੀ, ਜਿਸਦੀ ਬਿਜਾਈ ਬਾਅਦ ਲੋੜ ਮੁਤਾਬਿਕ ਨਹਿਰੀ ਪਾਣੀ ਵੀ ਦਿੱਤਾ ਸੀ ਪਰ ਨਰਮੇ ਦੀ ਨਾ ਤਾਂ ਲੰਬਾਈ ਵਧੀ ਤੇ ਨਾ ਹੀ ਉਸ 'ਤੇ ਆਏ ਲੀਫ ਕਰਲ ਰੋਗ 'ਤੇ ਕਾਬੂ ਪਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਕੀਟਨਾਸ਼ਕ ਦਵਾਈਆਂ ਦਾ ਵੀ ਛਿੜਕਾਅ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ।
ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਫਸਲ ਦਿਖਾਈ ਤਾਂ ਉਨ੍ਹਾਂ ਨੇ ਵੀ ਉਕਤ ਨਰਮੇ ਦੀ ਫਸਲ ਜੋਤਣ ਦੀ ਸਲਾਹ ਦਿੰਦੇ ਹੋਏ, ਇਸਦੀ ਰਿਪੋਰਟ ਉਚਧਿਕਾਰੀਆਂ ਨੂੰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਇਸ ਬਾਰੇ ਬਲਾਕ ਖੂਈਆਂ ਸਰਵਰ ਦੇ ਏ. ਡੀ. ਓ. ਰਣਬੀਰ ਸਿੰਘ ਯਾਦਵ ਤੇ ਜ਼ਿਲਾ ਖੇਤੀਬਾੜੀ ਅਧਿਕਾਰੀ ਬੇਅੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟੇਲਾਂ 'ਤੇ ਬਸੇ ਪਿੰਡਾਂ 'ਚ ਨਰਮੇ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਇਸੇ ਪ੍ਰਕਾਰ ਤੋਂ ਅਬੋਹਰ ਤੇ ਖੂਈਆਂ ਸਰਵਰ ਬਲਾਕ 'ਚ ਕਰੀਬ 3200 ਏਕੜ ਨਰਮੇ ਦੀ ਫਸਲ ਘਟ ਪਾਣੀ ਕਾਰਨ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਵਾਰ ਬਰਸਾਤ ਵੀ ਘੱਟ ਹੋਈ ਹੈ।
ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਖੇਤ ਨਰਮੇ ਦੀ ਫਸਲ ਲਈ ਉਪਯੁਕਤ ਨਹੀਂ ਹੁੰਦੇ। ਕਿਸਾਨ ਮੱਕੀ ਤੇ ਗਾਜਰ ਬੀਜ ਕੇ ਉਸਦੀ ਪੈਦਾਵਾਰ ਵਧਾ ਸਕਦੇ ਹਨ। ਕਿਸਾਨਾਂ ਨੇ ਖੇਤੀਬਾੜੀ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਪਿੰਡਾਂ 'ਚ ਜਾ ਕੇ ਕੈਂਪ ਲਾਏ ਤੇ ਕਿਸਾਨਾਂ ਦੀ ਖਰਾਬ ਹੋਈ ਫਸਲਾਂ ਦੀ ਗਿਰਦਵਾਰੀ ਪਟਵਾਰੀਆਂ ਤੋਂ ਨਿਸ਼ਾਨਦੇਹੀ ਕਰਵਾਏ। ਪੀੜਤ ਕਿਸਾਨਾਂ ਨੇ ਖੇਤੀਬਾੜੀ ਅਧਿਕਾਰੀਆਂ ਤੋਂ ਕਿਸਾਨਾਂ ਦੀ ਮੰਦੀ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ।
