ਹੰਝੂਆਂ ਨਾਲ ਝਲਕਿਆ ਰਿਆਜ਼ਪੁਰਾ ਬਲਾਸਟ 'ਚ ਮਾਰੀ ਗਈ ਰਾਧਿਕਾ ਦੇ ਭਰਾ ਦਾ ਦਰਦ
Thursday, Mar 29, 2018 - 01:47 PM (IST)

ਜਲੰਧਰ (ਮ੍ਰਿਦੁਲ)— ਸੈਂਟਰਲ ਟਾਊਨ ਨਾਲ ਲੱਗਦੇ ਰਿਆਜ਼ਪੁਰਾ 'ਚ ਮਕਾਨ ਨੰਬਰ 330 'ਚ ਹੋਏ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਈ ਰਾਧਿਕਾ ਦਾ ਉਸ ਦੇ ਪਰਿਵਾਰ ਵੱਲੋਂ ਕਿਸ਼ਨਪੁਰਾ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਫਗਵਾੜਾ ਗੇਟ ਮਾਰਕੀਟ ਐਸੋਸੀਏਸ਼ਨ ਦੇ ਨਾਲ-ਨਾਲ ਕਾਰੋਬਾਰੀ ਅਤੇ ਕਈ ਸਿਆਸੀ ਸ਼ਖਸੀਅਤਾਂ ਮੌਜੂਦ ਸਨ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਭਰਾ ਸੂਰਜ ਦਾ ਦਰਦ ਹੰਝੂਆਂ ਦੇ ਨਾਲ ਝਲਕ ਪਿਆ ਅਤੇ ਉਸ ਨੇ ਦੱਸਿਆ ਕਿ ਉਹ ਰਾਧਿਕਾ ਨੂੰ ਉਸ ਪਟਾਕਾ ਫੈਕਟਰੀ 'ਚ ਜਾਣ ਤੋਂ ਕਈ ਵਾਰ ਰੋਕ ਚੁੱਕਾ ਸੀ। ਸਿਰਫ 5 ਹਜ਼ਾਰ ਰੁਪਏ ਤਨਖਾਹ ਨਾਲ ਰਾਧਿਕਾ ਆਪਣੇ ਘਰ ਦਾ ਰਾਸ਼ਨ ਲਿਆਉਂਦੀ ਸੀ। ਜਦੋਂ ਉਸ ਨੂੰ ਮੈਂ ਨਾ ਜਾਣ ਲਈ ਕਹਿੰਦਾ ਸੀ ਤਾਂ ਉਸ ਦਾ ਜਵਾਬ ਹੁੰਦਾ ਕਿ ਜੇਕਰ ਕੰਮ ਨਹੀਂ ਕਰਾਂਗੀ ਤਾਂ ਘਰ ਦਾ ਰਾਸ਼ਨ ਕਿੱਥੋਂ ਆਏਗਾ। ਇੰਨਾ ਕਹਿੰਦਿਆਂ ਹੀ ਸੂਰਜ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ। ਦੂਜੇ ਪਾਸੇ ਘਰ 'ਚ ਪਟਾਕਾ ਫੈਕਟਰੀ ਚਲਾ ਰਹੇ ਗੁਰਦੀਪ ਸਿੰਘ ਪੁੱਤਰ ਖਜ਼ਾਨ ਸਿੰਘ ਨੂੰ ਕੋਰਟ 'ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲੈ ਪੁਲਸ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਮੁਲਜ਼ਮ ਕਿਥੋਂ ਪੋਟਾਸ਼, ਬਾਰੂਦ ਅਤੇ ਕੈਮੀਕਲ ਲਿਆਉਂਦਾ ਸੀ।
12ਵੀਂ ਤੋਂ ਬਾਅਦ ਛੱਡ ਦਿੱਤੀ ਸੀ ਰਾਧਿਕਾ ਨੇ ਪੜ੍ਹਾਈ
ਮੂਲ ਤੌਰ 'ਤੇ ਨੇਪਾਲ ਦੇ ਰਹਿਣ ਵਾਲੇ ਸੂਰਜ ਨੇ ਦੱਸਿਆ ਕਿ ਹਾਦਸੇ 'ਚ ਮੌਤ ਦਾ ਸ਼ਿਕਾਰ ਬਣੀ ਰਾਧਿਕਾ ਅਤੇ ਜ਼ਖਮੀ ਹੋਈ ਦੀਪਾ ਭੈਣਾਂ ਸਨ ਅਤੇ 6 ਸਾਲ ਤੋਂ ਗੁਰਦੀਪ ਸਿੰਘ ਕੋਲ ਕੰਮ ਕਰ ਰਹੀਆਂ ਸਨ। ਉਨ੍ਹਾਂ ਦੇ ਪਿਤਾ ਨੂੰ ਪੈਰਾਲਾਈਜ਼ ਹੋ ਚੁੱਕਾ ਹੈ। ਮਾਂ ਸ਼ਾਂਤੀ ਵੀ ਘਰਾਂ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਘਰ ਦਾ ਖਰਚਾ ਕਾਫੀ ਮੁਸ਼ਕਲ ਨਾਲ ਚਲਦਾ ਸੀ। ਇਸ ਲਈ ਕੰਮ ਕਰਨਾ ਸ਼ੁਰੂ ਕੀਤਾ। ਰਾਧਿਕਾ 12ਵੀਂ ਤੱਕ ਪੜ੍ਹੀ ਸੀ ਤੇ ਘਰ ਦਾ ਖਰਚਾ ਚਲਾਉਣ ਲਈ ਉਸ ਨੂੰ ਪੜ੍ਹਾਈ ਛੱਡਣੀ ਪਈ। ਉਸ ਨੇ ਰਾਧਿਕਾ ਦੇ ਨਾਲ ਆਪਣੀ ਚਚੇਰੀ ਭੈਣ ਦੀਪਾ ਨੂੰ ਵੀ ਜਾਣ ਤੋਂ ਰੋਕਿਆ ਪਰ ਦੀਪਾ ਵੀ ਆਪਣਾ ਪਰਿਵਾਰ ਕਾਫੀ ਸਾਲਾਂ ਤੋਂ ਪਾਲ ਰਹੀ ਹੈ ਕਿਉਂਕਿ ਬਚਪਨ 'ਚ ਹੀ ਉਸ ਦੇ ਪਿਤਾ ਉਸ ਨੂੰ ਜਲੰਧਰ ਉਨ੍ਹਾਂ ਕੋਲ ਛੱਡ ਕੇ ਕਿਤੇ ਚਲੇ ਗਏ।
ਭੈਣ ਦੀ ਲਾਸ਼ ਦੇਖ ਇਕੱਲਾ ਹੀ ਮਲਬਾ ਹਟਾਉਣ ਲੱਗਾ ਸੀ ਸੂਰਜ
ਸੂਰਜ ਦੱਸਦਾ ਹੈ ਕਿ ਉਹ ਖੁਦ 7 ਹਜ਼ਾਰ ਰੁਪਏ ਤਨਖਾਹ 'ਤੇ ਕੰਮ ਕਰਦਾ ਹੈ। ਉਸ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਉਹ ਖੁਦ ਕੰਮ ਕਰਕੇ ਘਰ ਦਾ ਖਰਚਾ ਚਲਾ ਲਵੇਗਾ ਪਰ ਉਹ ਨਹੀਂ ਮੰਨੀ। ਜਿਸ ਸਮੇਂ ਘਟਨਾ ਹੋਈ ਤਾਂ ਉਹ ਆਪਣੇ ਮਾਲਕ ਰਾਜੀਵ ਚੋਪੜਾ ਦੀ ਫਗਵਾੜਾ ਗੇਟ ਸਥਿਤ ਦੁਕਾਨ 'ਚ ਕੰਮ ਕਰ ਰਿਹਾ ਸੀ। ਅਚਾਨਕ ਉਥੇ ਮਾਲਕਣ ਰੰਜੂ ਆਈ ਅਤੇ ਉਸ ਨੂੰ ਕਿਸੇ ਘਰੇਲੂ ਕੰਮ ਲਈ ਭੇਜਣ ਲੱਗੀ ਸੀ ਕਿ ਇੰਨੇ 'ਚ ਉਨ੍ਹਾਂ ਨੂੰ ਫੋਨ ਆਇਆ ਕਿ ਰਿਆਜ਼ਪੁਰਾ 'ਚ ਨਾਜਾਇਜ਼ ਪਟਾਕੇ ਦੀ ਫੈਕਟਰੀ 'ਚ ਬਲਾਸਟ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਉਥੇ ਚਲਾ ਗਿਆ। ਆਪਣੀ ਭੈਣ ਦੀ ਬਾਡੀ ਦੇਖ ਉਹ ਕੰਬ ਗਿਆ ਕਿਉਂਕਿ ਉਸ ਦੀ ਲੱਤ ਦਾ ਇਕ ਹਿੱਸਾ ਇਕ ਪਾਸੇ ਪਿਆ ਸੀ ਅਤੇ ਭੈਣ ਮਲਬੇ ਹੇਠਾਂ ਦੱਬੀ ਹੋਈ ਸੀ, ਉਹ ਭੈਣ ਨੂੰ ਕੱਢਣ ਲਈ ਇਕੱਲਾ ਹੀ ਮਲਬਾ ਹਟਾਉਣ ਲੱਗਾ।
ਲੁਕਾਉਣ ਵਾਲੀ ਲੋਹੇ ਦੀ ਚਾਦਰ ਗਰਮ ਹੋਣ ਨਾਲ ਹੋਇਆ ਸੀ ਬਲਾਸਟ
ਸੂਰਜ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿਚ ਜ਼ਖਮੀ ਦੀਪਾ ਨੇ ਦੱਸਿਆ ਕਿ ਕਰਨ ਅਤੇ ਰਾਧਿਕਾ ਪਟਾਕਿਆਂ 'ਚ ਪੋਟਾਸ਼ ਅਤੇ ਕੈਮੀਕਲ ਭਰ ਰਹੇ ਸਨ। ਅੰਦਰ ਕਾਫੀ ਦੇਰ ਤੋਂ ਪਟਾਕਿਆਂ ਦਾ ਜ਼ਖੀਰਾ ਪਿਆ ਸੀ, ਜਿਸ ਨੂੰ ਲੁਕਾਉਣ ਲਈ ਲੋਹੇ ਦੀ ਚਾਦਰ ਪਾਈ ਗਈ ਸੀ। ਚਾਦਰ ਗਰਮ ਹੋਣ ਕਾਰਨ ਅਚਾਨਕ ਬਲਾਸਟ ਹੋ ਗਿਆ ਅਤੇ ਬਲਾਸਟ ਇਕ ਨਹੀਂ, ਦੋ ਹੋਏ ਸਨ। ਪਹਿਲਾਂ ਪਟਾਕਿਆਂ ਦੇ ਜ਼ਖੀਰੇ 'ਚ ਬਲਾਸਟ ਹੋਇਆ। ਉਸ ਤੋਂ ਬਾਅਦ ਜਿੱਥੇ ਕਰਨ ਅਤੇ ਰਾਧਿਕਾ ਪੋਟਾਸ਼ ਅਤੇ ਕੈਮੀਕਲ ਬਣਾ ਰਹੇ ਸਨ, ਉਥੇ ਵੀ ਬਲਾਸਟ ਹੋਇਆ, ਜਿਸ ਨਾਲ ਕੰਧ ਅਤੇ ਸ਼ੈੱਡ ਹੇਠਾਂ ਦੱਬੇ ਗਏ । ਦੂਜੇ ਪਾਸੇ ਨਿਊ ਰੂਬੀ ਹਸਪਤਾਲ ਵਿਚ ਸੁਨੀਲ ਦੀ ਹਾਲਤ ਸੀਰੀਅਸ ਹੈ। ਉਹ ਅੱਖਾਂ ਨਹੀਂ ਖੋਲ੍ਹ ਸਕਦਾ ਅਤੇ ਹਿੱਲਣ ਜੁੱਲਣ ਵਿਚ ਵੀ ਮੁਸ਼ਕਲ ਹੋ ਰਹੀ ਹੈ।
ਬਲਾਸਟ ਤੋਂ ਬਾਅਦ ਜਾਗੀ ਪੁਲਸ, ਕਈ ਥਾਵਾਂ 'ਤੇ ਕੀਤੀ ਛਾਪਾਮਾਰੀ
ਰਿਆਜ਼ਪੁਰਾ 'ਚ ਹੋਏ ਇੰਨੇ ਵੱਡੇ ਹਾਦਸੇ ਤੋਂ ਬਾਅਦ ਅੱਜ ਆਖਿਰਕਾਰ ਪੁਲਸ ਜਾਗ ਗਈ। ਸੀ. ਪੀ. ਦੇ ਹੁਕਮਾਂ ਨਾਲ ਪੁਲਸ ਨੇ ਕਈ ਥਾਈਂ ਛਾਪੇਮਾਰੀ ਕੀਤੀ। ਜਿੱਥੇ-ਜਿੱਥੇ ਪੁਲਸ ਨੂੰ ਪਤਾ ਲੱਗਾ ਕਿ ਪਟਾਕਾ ਕਾਰੋਬਾਰੀਆਂ ਨੇ ਪਟਾਕੇ ਸਟੋਰ ਕੀਤੇ ਹਨ, ਉਥੇ-ਉਥੇ ਪੁਲਸ ਨੇ ਆਪਣੇ ਪੱਧਰ 'ਤੇ ਕਾਰਵਾਈ ਵੀ ਕੀਤੀ। ਪੁਲਸ ਵੱਲੋਂ ਸਾਰੇ ਸ਼ਹਿਰ ਵਿਚ ਸਰਚ ਦੌਰਾਨ ਬਸਤੀ ਗੁਜ਼ਾ 'ਚ ਰਹਿਣ ਵਾਲੇ ਪਟਾਕਾ ਕਾਰੋਬਾਰੀ ਕਰਨ ਖਹਿੜਾ ਦੇ ਘਰ ਰੇਡ ਕੀਤੀ, ਜਿੱਥੋਂ ਕਰੀਬ 3 ਟਰੱਕ ਪਟਾਕਿਆਂ ਦਾ ਜ਼ਖੀਰਾ ਬਰਾਮਦ ਹੋਇਆ। ਮੁਲਜ਼ਮ ਨੂੰ ਮੌਕੇ 'ਤੇ ਹੀ ਅਰੈਸਟ ਕਰ ਲਿਆ ਗਿਆ ਪਰ ਦੇਰ ਸ਼ਾਮ ਤੱਕ ਉਸ ਦੀ ਜ਼ਮਾਨਤ ਕਰਵਾ ਲਈ ਗਈ। ਏ. ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਕਰਨ ਖਹਿੜਾ ਦੇ ਘਰੋਂ ਉਨ੍ਹਾਂ ਨੂੰ 2 ਲੱਖ ਕੀਮਤ ਤੱਕ ਦੇ ਪਟਾਕੇ ਮਿਲੇ ਹਨ। ਇਸ ਦੇ ਨਾਲ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਨੇ ਫੋਰਸ ਦੇ ਨਾਲ ਆਪਣੇ-ਆਪਣੇ ਏਰੀਏ ਵਿਚ ਸਰਚ ਕੀਤੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ।