ਕੇਂਦਰੀ ਸਿੱਖ ਅਜਾਇਬ ਘਰ ’ਚ 15 ਨੂੰ ਲੱਗੇਗੀ ਸ਼ਹੀਦ ਭਾਈ ਲਛਮਣ ਸਿੰਘ ਦੀ ਤਸਵੀਰ

02/10/2021 11:56:51 AM

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੋਲਰ ਸਿਸਟਮ ਲਾਉਣ ਦੀ ਸੇਵਾ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਆਉਣ ਵਾਲਾ ਸਾਰਾ ਖ਼ਰਚਾ ਯੂਨਾਈਟਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੀ ਇਕੱਤਰਤਾ ਵਿਚ ਗੁਰੂ ਘਰਾਂ ਅੰਦਰ ਸੋਲਰ ਸਿਸਟਮ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਲਈ ਯੂਨਾਈਟਡ ਸਿੱਖ ਮਿਸ਼ਨ ਦੇ ਰਸ਼ਪਾਲ ਸਿੰਘ ਢੀਂਡਸਾ ਨੇ ਪੇਸ਼ਕਸ਼ ਕੀਤੀ ਹੈ। ਇਸ ਨੂੰ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਲੰਗਰ ਲਈ ਭਾਫ਼ ਸਿਸਟਮ ਲਾਉਣ ਦੀ ਸੇਵਾ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਸੌਂਪਣ ਦਾ ਵੀ ਫੈਸਲਾ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਰੰਜ਼ਿਸ਼ ਤਹਿਤ ਇਕ ਜਨਾਨੀ ਨੇ ਦੂਜੀ ਜਨਾਨੀ ਦੇ ਸਿਰ ’ਚ ਕੁੱਕਰ ਮਾਰ ਕੀਤਾ ਕਤਲ

ਉਨ੍ਹਾਂ ਇਕੱਤਰਤਾ ’ਚ ਲਏ ਗਏ ਹੋਰ ਫ਼ੈਸਲਿਆਂ ਬਾਰੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਗੋਧਰਪੁਰ (ਗੁਰਦਾਸਪੁਰ) ਵਿਖੇ ਕੀਤੇ ਜਾਣਗੇ। 19 ਤੋਂ 21 ਫ਼ਰਵਰੀ ਤਕ ਕਰਵਾਏ ਜਾਣ ਵਾਲੇ ਇਨ੍ਹਾਂ ਗੁਰਮਤਿ ਸਮਾਗਮਾਂ ਦੌਰਾਨ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਗੋਧਰਪੁਰ ਵਿਖੇ ਸ਼ਹੀਦ ਭਾਈ ਲਸ਼ਮਣ ਸਿੰਘ ਦਾ ਪਰਿਵਾਰ ਵੱਸਿਆ ਸੀ, ਜਿਨ੍ਹਾਂ ਦੀ ਯਾਦ ਵਿਚ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ 15 ਫ਼ਰਵਰੀ ਨੂੰ ਸ਼ਹੀਦ ਭਾਈ ਲਛਮਣ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿਚ ਭਾਰਤ ਸਰਕਾਰ ਨੂੰ ਜਲਦ ਫ਼ੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਾਜੋਆਣਾ ਦਾ ਕੇਸ ਲਗਾਤਾਰ ਲੜਿਆ ਜਾ ਰਿਹਾ ਹੈ। ਹਰ ਪੇਸ਼ੀ ਮੌਕੇ 11 ਲੱਖ ਰੁਪਏ ਭੇਜੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਪੇਸ਼ ਹੋਣ ਲਈ ਇੱਕ ਵਕੀਲ ਨੂੰ ਹੁਣ ਤੱਕ 58 ਲੱਖ ਦਾ ਭੁਗਤਾਨ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-87 ਅਧੀਨ ਆਉਂਦੇ ਕਈ ਗੁਰਦੁਆਰਿਆਂ, ਜਿਨ੍ਹਾਂ ਦੀ ਆਮਦਨ ਸਾਲਾਨਾ 35 ਲੱਖ ਤੋਂ ਜ਼ਿਆਦਾ ਹੈ, ਨੂੰ ਸੈਕਸ਼ਨ-85 ਅਧੀਨ ਸਿੱਧੇ ਪ੍ਰਬੰਧ ਹੇਠ ਲਿਆਉਣ ਲਈ ਭਾਰਤ ਸਰਕਾਰ ਕੋਲ ਕੇਸ ਭੇਜਿਆ ਗਿਆ ਹੈ ਪਰ ਅਜੇ ਤਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ। ਭਾਰਤ ਸਰਕਾਰ ਨੂੰ ਇਹ ਮਾਮਲਾ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। 1993 ਦੇ ਦਿੱਲੀ ਧਮਾਕੇ ਵਿਚ ਆਪਣੀ ਭੂਮਿਕਾ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਪੈਰਵੀ ਕਰਨ ਲਈ ਗੁਰਦੁਆਰਾ ਕਮੇਟੀ ਵਕੀਲ ਦੀ ਫੀਸ ਵੀ ਅਦਾ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਸਿਕਲੀਗਰ ਸਿੱਖਾਂ ਦੇ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਇੰਦੌਰ ਵਿਖੇ ਖੋਲੇ ਜਾ ਰਹੇ ਸੈਂਟਰ ਲਈ 10 ਲੱਖ ਰੁਪਏ ਦਿੱਤੇ ਜਾਣਗੇ। ਇੰਦੌਰ ਵਿਖੇ ਹੀ ਗੁਰਮਤਿ ਕੇਂਦਰ ਵੀ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸੰਤ ਗਿਆਨੀ ਮੋਹਨ ਸਿੰਘ ਭਿੰਡਰਕਲਾਂ ਵਾਲਿਆਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਦਾ ਵੀ ਫ਼ੈਸਲਾ ਕੀਤਾ ਹੈ।

ਨੋਟ- ਕੇਂਦਰੀ ਸਿੱਖ ਅਜਾਇਬ ਘਰ ’ਚ 15 ਨੂੰ ਲੱਗੇਗੀ ਸ਼ਹੀਦ ਭਾਈ ਲਛਮਣ ਸਿੰਘ ਦੀ ਤਸਵੀਰ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


rajwinder kaur

Content Editor

Related News