ਚਿੱਟਾ ਹਾਥੀ ਬਣੀਆਂ ਸੈਂਟਰਲ ਜੇਲ ਦੀਆਂ ਕੰਟੀਨਾਂ

Thursday, Mar 15, 2018 - 10:29 AM (IST)

ਲੁਧਿਆਣਾ (ਸਿਆਲ) : ਸੈਂਟਰਲ ਜੇਲ ਦੀਆਂ ਕੰਟੀਨਾਂ 'ਚ ਲੋੜੀਂਦਾ ਸਾਮਾਨ ਨਾ ਮਿਲਣ ਨਾਲ ਕੈਦੀਆਂ ਤੇ ਹਵਾਲਾਤੀਆਂ ਨੂੰ ਮੁਸ਼ਕਿਲ ਦੇ ਦੌਰ ਤੋਂ ਲੰਘਣਾ ਪੈ ਰਿਹਾ ਹੈ। ਮੌਜੂਦਾ ਸਮੇਂ 'ਚ ਕੰਟੀਨਾਂ ਚਿੱਟਾ ਹਾਥੀ ਬਣਦੀਆਂ ਜਾ ਰਹੀਆਂ ਹਨ, ਜਿਸ ਵੱਲ ਸ਼ਾਇਦ ਜੇਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਥੇ ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਕੰਟੀਨਾਂ 'ਚ ਠੰਡੇ ਪੀਣ ਵਾਲੇ ਪਾਣੀ ਤੇ ਹੋਰ ਖੁਰਾਕ ਸਮੱਗਰੀ ਨਾ ਮਿਲਣ ਨਾਲ ਬੰਦੀਆਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ। ਵੈਸੇ ਤਾਂ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਦੀ ਚਾਰ ਦੀਵਾਰੀ ਦੇ ਅੰਦਰ ਵੱਖ-ਵੱਖ ਬੈਰਕਾਂ 'ਚ ਰਹਿਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਲਈ ਕੰਟੀਨਾਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਠੰਡੇ ਪੀਣ ਵਾਲੇ ਪਾਣੀ, ਦੁੱਧ, ਦਹੀਂ, ਬਰੈੱਡ, ਚਿਪਸ ਤੇ ਹੋਰ ਤਰ੍ਹਾਂ ਦੇ ਖਾਣ ਪੀਣ ਦਾ ਸਾਮਾਨ ਮਿਲਦਾ ਹੈ। ਉਕਤ ਸਾਮਾਨ ਦੀ ਖਰੀਦਦਾਰੀ ਕਰਨ ਲਈ ਕੈਦੀਆਂ ਤੇ ਹਵਾਲਾਤੀਆਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਰੁਪਏ ਦੇ ਬਦਲੇ 'ਚ ਜੇਲ ਕੂਪਨ ਦਿੱਤੇ ਜਾਂਦੇ ਹਨ ਪਰ ਬੀਤੇ ਕੁਝ ਦਿਨਾਂ ਤੋਂ ਜੇਲ ਦੇ ਅੰਦਰ ਸਾਮਾਨ ਉਪਲੱਬਧ ਨਾ ਹੋਣ ਦੀ ਚਰਚਾ ਜ਼ੋਰ ਫੜ ਰਹੀ ਹੈ।
ਜੇਲ 'ਚ 5 ਕੰਟੀਨਾਂ
ਸੂਤਰਾਂ ਅਨੁਸਾਰ ਜੇਲ ਦੀਆਂ ਬੈਰਕਾਂ ਦੇ ਬਾਹਰ ਸਥਾਪਤ 5 ਕੰਟੀਨਾਂ 'ਚ ਲਗਭਗ ਇਕ ਹਫਤੇ ਤੋਂ ਪੂੜੀ ਛੋਲੇ, ਬਰਗਰ, ਦੁੱਧ, ਦਹੀਂ, ਸਰ੍ਹੋਂ ਦਾ ਤੇਲ ਤੇ ਹੋਰ ਤਰ੍ਹਾਂ ਦਾ ਸਾਮਾਨ ਨਾ ਮਿਲਣ ਨਾਲ ਬੰਦੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਠੇਕਾ ਵਧਣ ਨਾਲ 1 ਕੰਟੀਨ ਬੰਦ
ਸੂਤਰ ਦੱਸਦੇ ਹਨ ਕਿ ਜੇਲ ਦੀ ਬੀ. ਕੇ. ਯੂ. ਬੈਰਕ ਦੇ ਬਾਹਰ ਸਥਾਪਤ ਕੰਟੀਨ ਨੂੰ ਜੇਲ 'ਚ ਕਿਸੇ ਵੀ ਕੈਦੀ ਨੂੰ ਠੇਕੇ 'ਤੇ ਦਿੱਤਾ ਜਾਂਦਾ ਸੀ ਪਰ ਹੁਣ ਉਕਤ ਕੰਟੀਨ ਨੂੰ ਵੀ ਬੰਦ ਕਰ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਉਕਤ ਕੰਟੀਨ ਦੇ ਠੇਕੇ ਦੀ ਵੱਧ ਰਾਸ਼ੀ ਹੋਣ ਕਾਰਨ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ।
ਫਿਲਟਰ ਪਾਣੀ ਦੇ ਲੋੜੀਂੇਦੇ ਸਾਧਨ ਨਹੀਂ
ਜੇਲ ਅੰਦਰ ਫਿਲਟਰ ਪਾਣੀ ਦੇ ਲੋੜੀਦੇ ਸਾਧਨ ਨਾ ਹੋਣ ਕਾਰਨ ਕਈ ਬੈਰਕਾਂ 'ਚ ਬੰਦੀਆਂ ਨੂੰ ਪਾਣੀ ਵੀ ਉਪਲੱਬਧ ਨਹੀਂ ਹੋ ਰਿਹਾ ਹੈ। ਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਲ ਦੀ ਕੰਟੀਨ 'ਚ ਵੀ ਫਿਲਟਰ ਵਾਲਾ ਪਾਣੀ ਉਪਲੱਬਧ ਨਹੀਂ ਹੈ, ਜਦ ਕਿ ਭਿਆਨਕ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ।
ਕੀ ਕਹਿੰਦੇ ਹਨ ਸੁਪਰਡੈਂਟ
ਇਸ ਸਬੰਧੀ ਗੱਲ ਕਰਨ 'ਤੇ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਹੈ ਪਰ ਬਦਲਦੇ ਮੌਸਮ ਕਾਰਨ ਦੁੱਧ, ਦਹੀਂ ਤੇ ਹੋਰ ਖਾਣ ਪੀਣ ਦੀ ਚੀਜ਼ਾਂ ਲੋੜ ਅਨੁਸਾਰ ਹੀ ਜੇਲ ਦੀ ਕੰਟੀਨ 'ਚ ਲਿਆਂਦੀਆਂ ਜਾਂਦੀਆਂ ਹਨ। ਵਿਸ਼ੇਸ਼ ਕਰ ਕੇ ਜੇਲ ਕੰਟੀਨਾਂ 'ਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਿਰਧਾਰਤ ਮੁੱਲ ਤੋਂ ਮਹਿੰਗੀਆਂ ਚੀਜ਼ਾਂ ਮਿਲਣ ਦੀ ਸੂਚਨਾ ਮਿਲੀ ਹੈ, ਜਿਸ 'ਤੇ ਕਾਰਵਾਈ ਕਰ ਕੇ ਉਚਿਤ ਮੁੱਲ 'ਤੇ ਹੀ ਚੀਜ਼ਾਂ ਉਪਲੱਬਧ ਕਰਵਾਈਆਂ ਜਾਣਗੀਆਂ।


Related News