ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਫੌਰੀ ਖੋਲ੍ਹੇ ਕੇਂਦਰ ਸਰਕਾਰ: ਢੀਂਡਸਾ
Friday, Apr 02, 2021 - 02:55 AM (IST)

ਮੋਹਾਲੀ, (ਮਰਵਾਹਾ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਕੋਲੋਂ ਪਿਛਲੇ ਇਕ ਸਾਲ ਤੋਂ ਕੋਰੋਨਾ ਮਹਾਮਾਰੀ ਕਾਰਨ ਬੰਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਫੌਰੀ ਤੌਰ ’ਤੇ ਖੋਲ੍ਹਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਲੰਮੇ ਸਮੇਂ ਤੋਂ ਬੰਦ ਹੋਣ ਕਾਰਨ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਤਰਸ ਰਹੀਆਂ ਹਨ। ਹੁਣ ਜਦੋਂ ਭਾਰਤ ਸਮੇਤ ਦੁਨੀਆ ਭਰ ਵਿਚ ਸਾਰੀਆਂ ਧਾਰਮਿਕ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ ਤਾਂ ਫਿਰ ਇਹ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਹਾਨੇ ਪਹਿਲਾਂ ਭਾਰਤ ਸਰਕਾਰ ਵਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ ਵਿਚ ਪਾਕਿਸਾਨ ਜਾਣ ਵਾਲੇ ਜਥੇ ਨੂੰ ਐਨ ਮੌਕੇ ਰੋਕ ਦਿੱਤਾ ਗਿਆ ਸੀ ਅਤੇ ਹੁਣ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਵਾਰ-ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਸ੍ਰੀ ਕਰਤਾਰਪੁਰ ਸਹਿਬ ਦਾ ਲਾਂਘਾ ਨਹੀ ਖੋਲ੍ਹਿਆ ਜਾ ਰਿਹਾ, ਜਿਸ ਕਾਰਨ ਸ਼ਰਧਾਲੂਆਂ ਵਿਚ ਭਾਰੀ ਰੋਸ ਹੈ। ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਫੌਰੀ ਲਾਂਘਾ ਖੁੱਲ੍ਹਵਾਉਣ ਤਾਂ ਕਿ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣ।