ਕੇਂਦਰ ਸਰਕਾਰ ਨਕਾਰਾਤਮਕ ਰਵੱਈਆ ਛੱਡ ਕੇ ਖੇਤੀ ਬਿੱਲਾਂ ਨੂੰ ਰੱਦ ਕਰੇ : ਗਿਆਨੀ ਹਰਪ੍ਰੀਤ ਸਿੰਘ
Tuesday, Dec 01, 2020 - 09:12 PM (IST)
ਪਟਿਆਲਾ,(ਜੋਸਨ) : ਦਿੱਲੀ ਦੀ ਸਿੰਘੂ ਸਰਹੱਦ 'ਤੇ ਚੱਲ ਰਿਹਾ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਕੇਵਲ ਪੰਜਾਬ ਜਾਂ ਹਰਿਆਣਾ ਦੇ ਕਿਸਾਨਾਂ ਦੀ ਲੜਾਈ ਨਾ ਹੋ ਕੇ ਅੱਜ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਲੜਾਈ ਬਣ ਚੁੱਕਿਆ ਹੈ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਨਕਾਰਾਤਮਕ ਰਵੱਈਆ ਛੱਡ ਕੇ ਬਿਨਾਂ ਸੰਕੋਚ ਤੋਂ ਖੇਤੀ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਹੱਕ 'ਚ ਆਪਣਾ ਫ਼ੈਸਲਾ ਦੇਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਲਿਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਭਰਾਵਾਂ ਦੇ ਸ਼ੰਕਿਆਂ ਅਤੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀ ਲੋੜ ਸੀ। ਅੱਜ ਜਦੋਂ ਅੰਨਦਾਤਾ ਕਿਸਾਨ ਆਪਣੀ ਜ਼ਮੀਨ ਅਤੇ ਕਿਸਾਨੀ ਨੂੰ ਬਚਾਉਣ ਲਈ ਹਕੂਮਤ ਸਰਕਾਰ ਤੋਂ ਜਵਾਬ ਲੈਣਾ ਚਾਹੁੰਦਾ ਹੈ ਤਾਂ ਸਰਕਾਰ ਨੂੰ ਕਿਸਾਨਾਂ ਨਾਲ ਲੁਕਵਾਂ ਏਜੰਡਾ ਛੱਡ ਕੇ ਕਿਸਾਨੀ ਮਸਲੇ ਦਾ ਹੱਲ ਕਰਨਾ ਚਾਹੀਦਾ।
ਇਕ ਸਵਾਲ ਦੇ ਜਵਾਬ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਭਰਾਵਾਂ ਲਈ ਸਿੱਖ ਸੰਸਥਾਵਾਂ ਵੱਲੋਂ ਨਿਰਵਿਘਨ ਲੰਗਰ ਸੇਵਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਖ਼ਾਲਿਸਤਾਨ ਜਾਂ ਅੱਤਵਾਦੀ ਧਿਰਾਂ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੂਰੀ ਏਕਤਾ ਤੇ ਵਿਸ਼ਵਾਸ ਨਾਲ ਲੜਾਈ ਲੜੀ ਜਾ ਰਹੀ ਹੈ ਇਸ ਦੌਰਾਨ ਸਮਾਜ ਦੇ ਮਾੜੇ ਅਨਸਰਾਂ ਵੱਲੋਂ ਅਜਿਹੀਆਂ ਟਿੱਪਣੀਆਂ ਕਰਕੇ ਕੇਵਲ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਦੇ ਵੀ ਸਫ਼ਲ ਨਹੀਂ ਹੋ ਸਕਦੀ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਅਜੋਕੀ ਪੀੜ੍ਹੀ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਕਾਰਨ ਦਰਪੇਸ਼ ਚੁਣੌਤੀਆਂ 'ਚੋਂ ਲੰਘਣਾ ਪੈ ਰਿਹਾ ਹੈ ਅਤੇ ਬੌਧਿਕਤਾ ਦੇ ਗਿਆਨ ਨਾਲ ਹੀ ਨੈਤਿਕਤਾ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਰਮਵੀਰ ਸਿੰਘ, ਸ. ਕਸ਼ਮੀਰ ਸਿੰਘ, ਪ੍ਰਿੰਸੀਪਲ ਜਸਵੀਰ ਕੌਰ ਆਦਿ ਹਾਜ਼ਰ ਸਨ।