ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ : ਸੁਖਦੇਵ ਢੀਂਡਸਾ
Wednesday, Nov 04, 2020 - 10:27 PM (IST)
ਸੰਗਰੂਰ,(ਸਿੰਗਲਾ)-ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ ਅਤੇ ਖੇਤੀ ਦੇ ਕਾਲੇ ਕਾਨੂੰਨਾਂ ਪ੍ਰਤੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਪਹਿਲ ਕਰਨ ਦਾ ਮਾਹੌਲ ਸਿਰਜਣ ਲਈ ਅੱਗੇ ਆਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੇਂਦਰੀ ਮੰਤਰੀ ਦਾ ਨਾ ਮਿਲਣਾ ਗੈਰ ਜਮਹੂਰੀ ਹੈ ਤੇ ਮੰਦਭਾਗਾਂ ਵੀ ਹੈ, ਜੋ ਕਈ ਤਰ੍ਹਾਂ ਦੇ ਸ਼ੱਕ ਤੇ ਤੋਖਲੇ ਪੈਂਦਾ ਕਰਦਾ ਹੈ। ਉਹ ਕਿਸਾਨ ਜਥੇਬੰਦੀਆਂ ਨਾਲ 5 ਨਵੰਬਰ ਦੇ ਚੱਕਾ ਜਾਮ ਬਾਰੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਵਰਕਰਾਂ ਦੇ ਥਾਂ-ਥਾਂ ਸ਼ਾਮਲ ਹੋਣ ਬਾਰੇ ਗੱਲ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਕਿਸਾਨ ਜਥੇਬੰਦੀਆਂ ਦੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਢੀਂਡਸਾ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਦੇ ਕਿਸਾਨ ਖੇਤੀ ਮੰਡੀ ਕਰਨ ਤੇ ਕੰਟਰੈਕਟ ਖੇਤੀ ਦੇ ਕਾਨੂੰਨਾਂ ਖਿਲਾਫ ਵੱਡੇ ਪੱਧਰ 'ਤੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ, ਜਿਸ ਨੂੰ ਸੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਿੱਲੀ ਵਿਖੇ ਦਿੱਤੇ ਜਾ ਰਹੇ ਪੰਜਾਬ ਦੇ ਵਿਧਾਇਕਾਂ ਦੇ ਧਰਨੇ ਨੂੰ ਬਿਲਕੁਲ ਵਾਜਬ ਦੱਸਦਿਆਂ ਕਿਹਾ ਕਿ ਇਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਤੇ ਰਾਜਾਂ ਦੇ ਵੱਧ ਅਧਿਕਾਰਾਂ ਦਾ ਵੀ ਮੁੱਦਾ ਹੈ। ਉਨ੍ਹਾਂ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਵਲੋਂ ਵਾਰ-ਵਾਰ ਪੈਂਤੜੇ ਬਦਲਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਢਾਹ ਲੱਗੀ ਹੈ। ਕਿਸਾਨਾਂ ਦੇ ਹਿੱਤਾਂ ਨੂੰ ਸਿਆਸੀ ਹਿੱਤਾਂ ਤੋਂ ਕਿੱਤੇ ਵੱਡੇ ਦੱਸਦਿਆਂ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਵਲੋਂ ਵਾਰ-ਵਾਰ ਬਦਲੇ ਜਾਂਦੇ ਪੈਂਤੜੇ ਕਿਸਾਨ ਸੰਘਰਸ਼ ਦੇ ਬਿਲਕੁਲ ਉਲਟ ਹਨ। ਸੁਖਬੀਰ ਬਾਦਲ ਦੀ ਸੋਚ ਕੁਰਸੀ ਤੋਂ ਅੱਗੇ ਨਹੀਂ ਜਾ ਸਕਦੀ। ਇਸੇ ਕਰਕੇ ਉਸ ਨੂੰ ਥਾਂ-ਥਾਂ ਕਿਸਾਨਾਂ ਦੀ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਗੰਭੀਰ ਮਾਮਲੇ 'ਤੇ ਸੋਚ ਸੱਤਾ ਤਕ ਸੀਮਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਮੂਹ ਲੋਕਾਂ ਨੂੰ ਕਿਸਾਨ ਤੇ ਖੇਤੀ ਲਈ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।