ਕੇਂਦਰ ਸਰਕਾਰ ਵਲੋਂ 550 ਸਾਲਾ ਗੁਰਪੁਰਬ ਮੌਕੇ ਖਜ਼ਾਨੇ ਦੇ ਮੂੰਹ ਖੋਲ੍ਹੇ : ਹਰਸਿਮਰਤ ਬਾਦਲ
Saturday, Sep 28, 2019 - 01:50 AM (IST)
ਸੁਲਤਾਨਪੁਰ ਲੋਧੀ, (ਧੀਰ)-ਕੇਂਦਰ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜਾਬ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ , ਬਾਬੇ ਨਾਨਕ ਦਾ ਪਿੰਡ, ਇੰਟੀਗਰੇਟਿਡ ਚੈੱਕ ਪੋਸਟ, ਡੇਰਾ ਬਾਬਾ ਨਾਨਕ ਵਿਖੇ ਹਸਪਤਾਲ, ਪੁਲਸ ਸਟੇਸ਼ਨ ਆਦਿ ਦੀ ਅਪਗ੍ਰੇਡੇਸ਼ਨ ਆਦਿ ਕਈ ਮਹੱਤਵਪੂਰਨ ਕਾਰਜਾਂ ਵਾਸਤੇ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਇਸ ਲਈ ਸਾਰਿਆਂ ਨੂੰ ਇਸ ਸਮਾਗਮ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰਬ-ਸਾਂਝੀਵਾਲਤਾ ਦਾ ਸੁਨੇਹਾ ਪੂਰੀ ਦੁਨੀਆਂ ਨੂੰ ਦੇ ਸਕੀਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰਪੁਰਬ ਸਬੰਧੀ ਹੋ ਰਹੇ ਕਾਰਜਾਂ ਦਾ ਨਿਰੀਖਣ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਮੌਕੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਪੁਰਬ ਮੌਕੇ ਆਰੰਭ ਕੀਤੇ ਕਾਰਜਾਂ ਨੂੰ ਮੁਕੰਮਲ ਕਰੇਗਾ। ਉਨ੍ਹਾਂ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਸ਼ਹਿਰ ਨੂੰ ਸਫੈਦ ਕਰਨ ਦੇ ਆਰੰਭ ਕੀਤੀ ਹੋਈ ਸੇਵਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੀਬ 70 ਫੀਸਦੀ ਪੂਰਾ ਕਰ ਲਿਆ ਗਿਆ ਹੈ ਤੇ ਬਾਕੀ 30 ਫੀਸਦੀ ਨੂੰ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ। ਉਪਰੰਤ ਗੁਰਦੁਆਰਾ ਸਾਹਿਬ, ਸ਼ਹਿਰ ਤੇ ਆਲੇ ਦੁਆਲੇ ਨੂੰ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸੁਲਤਾਨਪੁਰ ਲੋਧੀ ਤੋਂ ਵਾਇਆ ਲੋਹੀਆਂ ਖਾਸ ਦਿੱਲੀ ਲਈ ਰੇਲ ਗੱਡੀ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦਾ ਆਰੰਭ 4 ਅਕਤੂਬਰ ਨੂੰ ਹੋ ਰਿਹਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਪਾਵਨ ਨਗਰੀ ਤੋਂ ਗੁਰਬਾਣੀ ਦਾ ਜਨਮ ਸਥਾਨ ਹੋਇਆ ਹੈ ਜਿਥੋਂ ਗੁਰੂ ਸਾਹਿਬ ਨੇ ਇਕ ਓਂਕਾਰ, ਮੂਲ ਮੰਤਰ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿੱਖੀ ਦੀ ਸੋਚ ਤੇ ਗੁਰਬਾਣੀ ਦਾ ਜਨਮ ਇਸ ਨਗਰੀ 'ਤੇ ਹੋਇਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਲਈ ਚੱਲਣ ਵਾਲੀ ਟ੍ਰੇਨ ਦਾ ਨਾਂ ਇਕ ਓਂਕਾਰ ਰੱਖਣ ਦੀ ਤਜਵੀਜ਼ ਵੀ ਮੇਰੇ ਵਲੋਂ ਕੇਂਦਰ ਰੇਲ ਮੰਤਰੀ ਨੂੰ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸੋਚ ਨੂੰ ਪੂਰੇ ਕੋਨੇ-ਕੋਨੇ 'ਚ ਫੈਲਾਉਣ ਲਈ ਜੋ ਵੀ ਹੋਵੇਗਾ ਉਹ ਪੂਰਾ ਕਰਨ ਦਾ ਯਤਨ ਕਰਨਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਕੰਮ ਸਾਰੇ ਤਦ ਹੀ ਸਿਰੇ ਚੜ੍ਹਦੇ ਹਨ ਜਦੋਂ ਖੁਦ ਕੋਈ ਜ਼ਿੰਮੇਵਾਰ ਆਦਮੀ ਆ ਕੇ ਬੈਠਦੇ ਹਨ, ਉਸ ਹਿਸਾਬ ਨਾਲ ਹੀ ਕੰਮ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੁਰਪੁਰਬ ਦੇ ਮੌਕੇ ਰਾਸ਼ਟਰਪਤੀ ਜੀ ਤੇ ਉਨ੍ਹਾਂ ਦੀ ਪਤਨੀ 12 ਨਵੰਬਰ ਨੂੰ ਗੁਰਪੁਰਬ ਮੌਕੇ ਆ ਰਹੇ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਵੀ 11 ਨਵੰਬਰ ਨੂੰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਉਦਘਾਟਨ ਕਰਨ ਉਪਰੰਤ ਇਥੇ ਨਤਮਸਤਕ ਹੋਣ ਲਈ ਆਉਣਗੇ। ਇਸ ਮੌਕੇ ਸਾਬਕਾ ਵਿੱਤ ਮੰਤਰੀ, ਬੀਬੀ ਜਗੀਰ ਕੌਰ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ, ਗੁਰਪ੍ਰੀਤ ਕੌਰ ਰੂਹੀ ਮੈਂਬਰ ਐੱਸ. ਜੀ. ਪੀ. ਸੀ., ਇੰਜੀ. ਸਵਰਨ ਸਿੰਘ, ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ, ਜਥੇ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐੱਸ. ਜੀ. ਪੀ. ਸੀ., ਸੱਜਣ ਸਿੰਘ ਚੀਮਾ, ਗੁਰਜੰਟ ਸਿੰਘ ਸੰਧੂ, ਸੁਰਜੀਤ ਸਿੰਘ ਢਿੱਲੋਂ, ਮਾ. ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ।