ਵਾਤਾਵਰਣ ਦੀ ਦੇਖਭਾਲ ਸਬੰਧੀ ਸੀ. ਬੀ. ਐੱਸ. ਈ. ਸਕੂਲਾਂ ਨੂੰ ਬੂਟੇ ਲਗਾਉਣ ਦੇ ਨਿਰਦੇਸ਼
Monday, Aug 13, 2018 - 04:16 PM (IST)

ਜਲੰਧਰ— ਸੀ. ਬੀ. ਐੱਸ. ਈ. ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਦੇਖਭਾਲ ਦੇ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ 13 ਤੋਂ ਲੈ ਕੇ 17 ਅਗਸਤ ਤੱਕ ਕੁਦਰਤੀ ਮਹਾਉਤਸਵ 'ਤਰਵੇ ਨਮਹ' ਕਰਵਾਇਆ ਜਾ ਰਿਹਾ ਹੈ। ਇਸ ਦੇ ਤਹਿਤ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਨੂੰ ਬੂਟੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟੀਫਿਕੇਸ਼ਨ 'ਚ ਲਿਖਿਆ ਹੈ ਕਿ ਹਰ ਇਕ ਸਕੂਲ ਨੂੰ ਆਪਣੇ ਨੇੜੇ 11 ਬੂਟੇ ਲਗਾਉਣੇ ਹੋਣਗੇ।
ਇਨ੍ਹਾਂ ਸਾਰੇ 11 ਬੂਟਿਆਂ ਨੂੰ ਸ਼ਹੀਦਾਂ ਦਾ ਨਾਂ ਦਿੱਤਾ ਜਾਵੇਗਾ ਤਾਂਕਿ ਹਰ ਬੂਟੇ ਦੀ ਪਛਾਣ ਰਹੇ। ਸੀ. ਬੀ. ਐੱਸ. ਸੀ. ਦੇ ਗਾਈਡਲਾਈਂਸ ਮੁਤਾਬਕ ਇਨ੍ਹਾਂ ਬੂਟਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਦੀ ਹੋਵੇਗੀ, ਕਿਉਂਕਿ ਵੱਖ-ਵੱਖ ਸਕੂਲਾਂ 'ਚ ਪਹਿਲਾਂ ਤੋਂ ਹੀ ਇਕੋ ਕਲੱਬ ਬਣੇ ਹੋਏ ਹਨ। ਇਸ ਲਈ ਇਕੋ ਕਲੱਬ ਦੀ ਗਤੀਵਿਧੀ ਦਾ ਹਿੱਸਾ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਸੀ. ਬੀ. ਐੱਸ. ਈ. ਬੋਰਡ ਨਾਲ ਸਬੰਧਤ ਦੇਸ਼ ਭਰ 'ਚ 20709 ਸਕੂਲ ਹਨ। ਜੇਕਰ ਸਾਰੇ ਸਕੂਲ ਸੀ. ਬੀ. ਐੱਸ. ਈ. ਦੀ ਗਾਈਡਲਾਈਂਸ ਦੇ ਮੁਤਾਬਕ 11 ਬੂਟੇ ਲਗਾਉਣ ਤਾਂ ਕੁੱਲ 2,27,799 ਬੂਟੇ ਲਗਾਏ ਜਾਣਗੇ। ਜਦਕਿ ਜ਼ਿਲੇ 'ਚ ਕਰੀਬ 84 ਸਕੂਲ ਹਨ। ਇਸ ਹਿਸਾਬ ਨਾਲ ਜ਼ਿਲੇ 'ਚ 924 ਬੂਟੇ ਲਗਾਏ ਜਾਣਗੇ। ਬੋਰਡ ਦੀ ਇਹ ਕੋਸ਼ਿਸ਼ ਹੈ ਕਿ ਵਿਦਿਆਰਥੀ ਅਤੇ ਅਧਿਆਪਕ ਵੀ ਵਾਤਾਵਰਣ ਸਰੁੱਖਿਆ 'ਚ ਆਪਣਾ ਯੋਗਦਾਨ ਪਾਉਣ। ਪਹਿਲੀ ਕੋਸ਼ਿਸ਼ 'ਚ ਸਫਲ ਹੋਣ 'ਤੇ ਭਵਿੱਖ 'ਚ ਇਸ ਨੂੰ ਹੋਰ ਵਧੀਆ ਪੱਧਰ 'ਤੇ ਲੈ ਕੇ ਜਾਣਗੇ।
ਸੀ. ਬੀ. ਐੱਸ. ਈ. ਨੂੰ ਦੇਣੀ ਹੋਵੇਗੀ ਐਕਟਵਿਟੀ ਦੀ ਰਿਪੋਰਟ
ਮਿਸ਼ਨ ਗ੍ਰੀਨ ਸਕੂਲ ਦੇ ਤਹਿਤ ਸਾਰੇ ਸਕੂਲਾਂ ਨੂੰ ਇਹ ਐਕਟੀਵਿਟੀ ਕਰਨੀ ਹੋਵੇਗੀ ਅਤੇ ਇਸ ਦੀ ਰਿਪੋਰਟ ਵੈੱਬਸਾਈਟ 'ਤੇ ਅਪਲੋਡ ਕਰਨੀ ਹੋਵੇਗੀ। ਇਸ 'ਚ ਸਾਰੇ ਸਕੂਲਾਂ ਨੂੰ ਬੂਟਿਆਂ ਦੀਆਂ ਤਸਵੀਰਾਂ, ਉਨ੍ਹਾਂ ਦੇ ਨਾਂ, ਬੂਟਿਆਂ ਦੀ ਹਾਈਟ ਸੈਂਟੀਮੀਟਰ 'ਚ, ਪਲਾਂਟੇਸ਼ਨ ਦੀ ਤਰੀਕ, ਪਲਾਂਟ ਨੂੰ ਕਿਹੜਾ ਨਾਂ ਦਿੱਤਾ ਗਿਆ ਹੈ, ਇਸ ਦੀ ਜਾਣਕਾਰੀ ਵੀ ਰਿਪੋਰਟ 'ਚ ਦੇਣੀ ਹੋਵੇਗੀ। ਜਲਦੀ ਹੀ ਇਸ ਦਾ ਲਿੰਕ ਸੀ. ਬੀ. ਐੱਸ. ਈ. ਅਪਡੇਟ ਕਰੇਗੀ। ਇਸ ਸਬੰਧੀ ਐੱਮ. ਜੀ. ਐੱਨ. ਪਬਲਿਕ ਸਕੂਲ ਜਤਿੰਦਰ ਸਿੰਘ ਅਤੇ ਪੁਲਸ ਡੀ. ਏ. ਵੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਿਮ ਵਿਜ ਨੇ ਕਿਹਾ ਕਿ ਵਿਗੜਦੇ ਵਾਤਾਵਰਣ ਦੇ ਸੰਤੁਲਨ ਲਈ ਇਹ ਕੰਮ ਜ਼ਰੂਰੀ ਹੈ।