ਕੇਂਦਰ ਬਿਨ੍ਹਾਂ ਭੇਦਭਾਵ ਸੂਬਿਆਂ ਦੀ ਮਦਦ ਕਰਨ ਦਾ ਆਪਣਾ ਸੰਵਿਧਾਨਿਕ ਫਰਜ਼ ਪੂਰਾ ਕਰੇ : ਮਨਪ੍ਰੀਤ ਬਾਦਲ

Friday, May 01, 2020 - 11:52 PM (IST)

ਕੇਂਦਰ ਬਿਨ੍ਹਾਂ ਭੇਦਭਾਵ ਸੂਬਿਆਂ ਦੀ ਮਦਦ ਕਰਨ ਦਾ ਆਪਣਾ ਸੰਵਿਧਾਨਿਕ ਫਰਜ਼ ਪੂਰਾ ਕਰੇ : ਮਨਪ੍ਰੀਤ ਬਾਦਲ

ਚੰਡੀਗੜ੍ਹ, (ਅਸ਼ਵਨੀ)— ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਰਤੀਆਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਇੱਥੇ ਪੰਚਾਇਤ ਭਵਨ ਵਿਖੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਤਕ ਪੰਜਾਬ ਦਿਆਂ ਹੱਕਾਂ ਮੰਗਾਂ ਦੀ ਆਵਾਜ਼ ਬੁਲੰਦ ਕੀਤੀ। ਮਨਪ੍ਰੀਤ ਨੇ ਇਸ ਮੌਕੇ ਕਿਹਾ ਕਿ ਅੱਜ ਸਾਡਾ ਮੁਲਕ ਤਰੱਕੀ ਦੇ ਜਿਸ ਮੁਕਾਮ 'ਤੇ ਹੈ, ਉਸ 'ਚ ਸਾਡੇ ਕਿਰਤੀਆਂ ਦਾ ਅਹਿਮ ਯੋਗਦਾਨ ਹੈ। ਦੇਸ਼ ਦੀ ਉੱਨਤੀ ਦੀ ਇਬਾਰਤ ਇਨ੍ਹਾਂ ਦੀ ਮਿਹਨਤ ਨਾਲ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਸਾਰਾ ਮੁਲਕ ਆਪਣੇ ਕਿਰਤੀਆਂ ਨੂੰ ਸਲਾਮ ਕਰਦਾ ਹੈ । ਅੱਜ ਜਦੋਂ ਅਸੀਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ ਤਾਂ ਸਾਡੇ ਕਿਰਤੀਆਂ ਦਾ ਸਮਾਜ ਪ੍ਰਤੀ ਯੋਗਦਾਨ ਹੁਣ ਹੋਰ ਵੀ ਵਧੇਰੇ ਪ੍ਰਤੱਖ ਹੋ ਕੇ ਸਾਹਮਣੇ ਆਇਆ ਹੈ।

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਨਪ੍ਰੀਤ ਨੇ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਤੋਂ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਸਿੱਧੇ ਤੌਰ 'ਤੇ ਪੰਜਾਬ ਨੂੰ ਸਿਰਫ 71 ਕਰੋੜ ਰੁਪਏ ਦੀ ਮਦਦ ਹੀ ਮਿਲੀ ਹੈ, ਜਦਕਿ ਹੋਰ ਜੋ ਰਕਮਾਂ ਪ੍ਰਾਪਤ ਹੋਈਆਂ ਹਨ, ਉਹ ਪੰਜਾਬ ਦਾ ਆਪਣਾ ਹੱਕ ਸੀ, ਜੋ ਕੇਂਦਰ ਵੱਲ ਬਕਾਇਆ ਸੀ ਅਤੇ ਇਹ ਰਕਮਾਂ ਕੋਵਿਡ ਬਿਮਾਰੀ ਦੇ ਨਾ ਆਉਣ 'ਤੇ ਵੀ ਪੰਜਾਬ ਨੂੰ ਮਿਲਣੀਆਂ ਸੀ।

ਵਿੱਤ ਮੰਤਰੀ ਨੇ ਆਖਿਆ ਕਿ ਜਦੋਂ ਤੋਂ ਕੋਵਿਡ-19 ਦਾ ਸੰਕਟ ਪੈਦਾ ਹੋਇਆ ਹੈ, ਉਦੋਂ ਤੋਂ ਹੀ ਕੇਂਦਰ ਦਾ ਪੰਜਾਬ ਨਾਲ ਬੇਰੁਖੀ ਵਾਲਾ ਰਵੱਈਆ ਰਿਹਾ ਹੈ, ਜੋ ਕਿ ਪੰਜਾਬ ਲਈ ਬਰਦਾਸ਼ਤ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਬਿਨਾਂ ਭੇਦਭਾਵ ਸੂਬਿਆਂ ਦੀ ਮਦਦ ਕਰਨ ਦਾ ਆਪਣਾ ਸੰਵਿਧਾਨਿਕ ਫਰਜ਼ ਕਰਨਾ ਚਾਹੀਦਾ ਹੈ। ਵਿੱਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਜੋ ਯਾਤਰੀ, ਵਿਦਿਆਰਥੀ, ਮਜ਼ਦੂਰ ਹੋਰ ਸੂਬਿਆਂ ਤੋਂ ਆਏ ਹਨ, ਉਨ੍ਹਾਂ ਦੀ ਦੇਖਭਾਲ ਲਈ ਸਾਰੇ ਤੈਅ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਸਾਰਿਆਂ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਸਭ ਨੂੰ ਇਕਾਂਤਵਾਸ 'ਚ ਰੱਖਿਆ ਜਾ ਰਿਹਾ ਹੈ। ਇਸ ਮੌਕੇ ਜੈਜੀਤ ਸਿੰਘ ਜੌਹਲ, ਕੇ.ਕੇ. ਅਗਰਵਾਲ, ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਟਹਿਲ ਸਿੰਘ ਸੰਧੂ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਬਲਜੀਤ ਸਿੰਘ, ਰਾਜ ਨੰਬਰਦਾਰ ਆਦਿ ਵੀ ਮੌਜੂਦ ਸਨ।


author

KamalJeet Singh

Content Editor

Related News