ਕੋਵਿਡ ਦਵਾਈਆਂ ਤੇ ਉਪਕਰਨਾਂ ’ਤੇ GST ਘਟਾ ਕੇ ਕੇਂਦਰ ਨੇ ਕੀਤੀ ਖਾਨਾਪੂਰਤੀ : ਧਰਮਸੌਤ

06/15/2021 10:58:13 PM

ਚੰਡੀਗੜ੍ਹ(ਕਮਲ)- ਕੇਂਦਰ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਜਾਂ ਕੋਈ ਹੋਰ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਉਲਟਾ ਕੋਵਿਡ ਦਵਾਈਆਂ ਤੇ ਉਪਕਰਨਾਂ ’ਤੇ ਜੀ. ਐੱਸ. ਟੀ. ਲਗਾ ਕੇ ਕੋਰੋਨਾ ਪੀੜਤ ਲੋਕਾਂ ਤੋਂ ਕਮਾਈ ਕੀਤੀ ਜਾ ਰਹੀ ਹੈ ਤੇ ਹੁਣ ਮਾਮੂਲੀ ਜੀ. ਐੱਸ. ਟੀ. ਦਰਾਂ ਘਟਾ ਕੇ ਕੇਵਲ ਖਾਨਾਪੂਰਤੀ ਕੀਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਇਥੇ ਗੱਲਬਾਤ ਦੌਰਾਨ ਕੀਤਾ ਗਿਆ।

ਇਹ ਵੀ ਪੜ੍ਹੋ- ਸ਼੍ਰੋਅਦ-ਬਸਪਾ ਗਠਜੋੜ ਨੂੰ ਲੈ ਕੇ ਫਿਕਰਮੰਦ ਨਹੀਂ ਕੈਪਟਨ, ਸਾਰਾ ਧਿਆਨ ਪਾਰਟੀ ਸੰਕਟ ਦੇ ਹੱਲ ਵੱਲ

ਧਰਮਸੌਤ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੋਰੋਨਾ ਕਾਲ ਦੌਰਾਨ ਤਕਰੀਬਨ ਡੇਢ ਸਾਲ ਤੋਂ ਆਕਸੀਮੀਟਰ, ਵੈਂਟੀਲੇਟਰ, ਰੈਮਡੇਸਿਵਿਰ, ਮੈਡੀਕਲ ਗ੍ਰੇਡ ਆਕਸੀਜਨ, ਬਾਇਪੈਪ ਮਸ਼ੀਨ ਤੇ ਨੇਜ਼ਲ ਕੈਨੁਲਾ, ਕੋਵਿਡ ਟੈਸਟਿੰਗ ਕਿੱਟ, ਨਬਜ਼ ਚੈੱਕ ਕਰਨ ਵਾਲੇ ਆਕਸੀਮੀਟਰ ’ਤੇ 12 ਫੀਸਦੀ ਅਤੇ ਐਂਬੂਲੈਸਾਂ ’ਤੇ 28 ਫ਼ੀਸਦੀ ਜੀ. ਐੱਸ. ਟੀ. ਲਗਾ ਕੇ ਕੋਰੋਨਾ ਪੀੜਤਾਂ ਨੂੰ ਲੁੱਟਿਆ ਗਿਆ। ਹੁਣ ਜਦੋਂ ਦੇਸ਼ ਅੰਦਰ ਕੋਰੋਨਾ ਖਤਮ ਹੋਣ ਵੱਲ ਵਧ ਰਿਹਾ ਹੈ ਤਾਂ ਕੋਰੋਨਾ ਦਵਾਈਆਂ ਅਤੇ ਉਪਕਰਨਾਂ ’ਤੇ 7 ਫੀਸਦੀ ਜੀ. ਐੱਸ. ਟੀ. ਦਰਾਂ ਘਟਾ ਕੇ ਦੇਸ਼ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਕੂਲਾਂ-ਕਾਲਜਾਂ ’ਚ ਟੀਕਾਕਰਨ ਦੇ ਹੁਕਮ ਜਾਰੀ, ਮਹੀਨੇ ਦੀ ਇਸ ਤਾਰੀਖ਼ ਤੋਂ ਲੱਗਣਗੇ ਟੀਕੇ

ਧਰਮਸੌਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਹਿਲਾਂ ਤਾਂ ਕੋਰੋਨਾ ਦਵਾਈਆਂ ਅਤੇ ਉਪਕਰਨਾਂ ’ਤੇ ਜੀ. ਐੱਸ. ਟੀ. ਲਗਾਉਣਾ ਹੀ ਨਹੀਂ ਚਾਹੀਦਾ ਸੀ ਅਤੇ ਜੇਕਰ ਹੁਣ ਲੋਕਾਂ ਨੂੰ ਕੁੱਝ ਰਾਹਤ ਦੇਣੀ ਹੀ ਸੀ ਤਾਂ ਇਨ੍ਹਾਂ ’ਤੇ ਜੀ. ਐੱਸ. ਟੀ. ਨੂੰ ਪੂਰਨ ਤੌਰ ’ਤੇ ਮਾਫ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਲੋਕਾਂ ਪ੍ਰਤੀ ਮਨਸ਼ਾ ਠੀਕ ਨਹੀਂ ਹੈ ਕੇਂਦਰ ਸਰਕਾਰ ਨੇ ਮਹਾਮਾਰੀ ਦੌਰਾਨ ਇਕੱਲੇ ਪੈਟਰੋਲੀਅਮ ਪਦਾਰਥਾਂ ਤੋਂ ਹੀ 2.74 ਲੱਖ ਕਰੋੜ ਤੋਂ ਵੀ ਵੱਧ ਜੀ.ਐੱਸ.ਟੀ ਵਸੂਲਿਆ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਰੋਨਾ ਕਾਲ ਦੌਰਾਨ ਸਿਹਤ ਸਹੂਲਤਾਂ ਸਮੇਤ ਹੋਰ ਕੋਈ ਵੀ ਰਾਹਤ ਪੈਕੇਜ ਨਾ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ ਤੇ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਡੀਆਂ ਰਾਹਤਾਂ ਵੀ ਦਿੱਤੀਆਂ ਹਨ।


Bharat Thapa

Content Editor

Related News