ਪੰਜਾਬ ''ਚ ਸੈਂਟਰ ਆਫ਼ ਐਕਸੀਲੈਂਸ , 15 ਲੱਖ ਨੌਕਰੀਆਂ ਪੈਦਾ ਕਰਨ ''ਚ ਮਦਦ ਕਰੇਗਾ ਇਹ ਸੈਂਟਰ
Friday, Jul 28, 2017 - 06:38 AM (IST)
ਚੰਡੀਗੜ੍ਹ (ਭੁੱਲਰ) — ਗ੍ਰੀਨ ਗ੍ਰੋਥ ਐਂਡ ਫਿਊਚਰ ਜਾਬ ਵਿਸ਼ੇ 'ਤੇ ਅੱਜ ਇਥੇ ਭਾਰਤੀ ਉਦਯੋਗ ਮਹਾਸੰਘ (ਸੀ. ਆਈ. ਆਈ.) ਵੱਲੋਂ ਇੰਡੀਅਨ ਗਰੀਨ ਬਿਲਡਿੰਗ ਤੇ ਸਕਿਲ ਕਾਊਂਸਲ ਫਾਰ ਗਰੀਨ ਜਾਬਜ਼ ਨਾਲ ਮਿਲ ਕੇ ਸੰਮੇਲਨ ਦਾ ਆਯੋਜਨ ਕੀਤਾ। ਸਕਿਲ ਕਾਊਂਸਲ ਫਾਰ ਗਰੀਨ ਜਾਬਜ਼ ਦੇ ਸੀ. ਈ. ਓ. ਡਾ. ਪ੍ਰਵੀਣ ਸਕਸੈਨਾ ਨੇ ਕਿਹਾ ਕਿ ਸਕਿਲ ਕਾਊਂਸਲ ਫਾਰ ਗਰੀਨ ਜਾਬਜ਼ ਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਮਿਲਕੇ ਪੰਜਾਬ 'ਚ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕਰਨਗੇ। ਇਸਦੇ ਮਾਧਿਅਮ ਨਾਲ ਗਰੀਨ ਐਨਰਜੀ ਖੇਤਰ 'ਚ 15 ਲੱਖ ਨੌਕਰੀਆਂ ਪੈਦਾ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਇਸ ਤਰ੍ਹਾਂ ਰੂਪ ਰੇਖਾਵਾਂ ਤਿਆਰ ਕੀਤੀ ਜਾ ਰਹੀਆਂ ਹਨ ਕਿ ਇਸ ਖੇਤਰ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਹੁਨਰ ਦਿੱਤਾ ਜਾਵੇ ਤੇ ਸਰਕਾਰ ਤੋਂ ਮਾਨਤਾ ਲਈ ਜਾਵੇ। ਅੰਤਰਰਾਸ਼ਟਰੀ ਮਾਪਦੰਡਾਂ 'ਤੇ ਸਰਕਾਰ ਦੇ ਪ੍ਰਮਾਣਤ ਕਰਨ ਨਾਲ ਨੌਜਵਾਨਾਂ ਨੂੰ ਦੁਨੀਆ 'ਚ ਕਿਤੇ ਵੀ ਕੰਮ ਮਿਲ ਸਕੇਗਾ। ਕੌਮੀ ਹੁਨਰ ਵਿਕਾਸ ਨਿਗਮ ਦੀ ਸਿੱਖਿਆ ਆਗੂ ਤੇ ਪਾਲਿਸੀ ਸਟੱਡੀ ਕੰਸਲਟੈਂਟ-ਸਟੈਂਡਰਡ ਡਾ. ਸਬੀਨਾ ਮੈਥਿਅਸ ਨੇ ਕਿਹਾ ਕਿ ਵਾਤਾਵਰਣ ਅਨੁਕੂਲ ਪ੍ਰੰਪਰਾਵਾਂ ਨੂੰ ਅਪਣਾਉਣ ਨਾਲ ਉਦਯੋਗਿਕ ਵਾਤਾਵਰਣ ਵਿਵਸਥਾ ਬਦਲ ਰਹੀ ਹੈ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਕਾਰਜਕਾਰੀ ਡਾਇਰੈਕਟਰ ਬਲੌਰ ਸਿੰਘ ਨੇ ਕਿਹਾ ਕਿ ਸਰਕਾਰ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰੱਖਣ ਲਈ ਗਰੀਨ ਊਰਜਾ ਦੇ ਵੱਧ ਉਪਯੋਗ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੀ ਹੈ।
