ਕੇਂਦਰ ਤੇ ਪੰਜਾਬ ਸਰਕਾਰ ਗਾਇਕ-ਕਲਾਕਾਰਾਂ ਨੂੰ ਵੀ ਵਿੱਤੀ ਪੈਕੇਜ ਦੇਵੇ : ਦਿਆਲਪੁਰੀ
Thursday, May 28, 2020 - 09:56 PM (IST)
ਭੋਗਪੁਰ, (ਰਾਣਾ ਭੋਗਪੁਰੀਆ)— ਜ਼ਿਲ੍ਹਾ ਜਲੰਧਰ ਦੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਦਲਵਿੰਦਰ ਦਿਆਲਪੁਰੀ ਦੀ ਪ੍ਰਧਾਨਗੀ ਹੇਠ ਭੋਗਪੁਰ ਵਿਖੇ ਇਲਾਕੇ ਦੇ ਸਮੂਹ ਗਾਇਕਾਂ, ਕਲਾਕਾਰਾਂ, ਸਾਜੀ, ਸਟੇਜ ਸਕੱਤਰ, ਜਾਗਰਣ ਪਾਰਟੀਆਂ ਤੇ ਸਾਊਂਡ ਆਪਰੇਟਰਾਂ ਦੀ ਹੰਗਾਮੀ ਮੀਟਿੰਗ ਹੋਈ। ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲਾਏ ਗਏ ਕਰਫਿਊ ਅਤੇ ਲਾਕਡਾਊਨ ਦੇ ਕਾਰਨ ਸਮੁੱਚਾ ਸੰਗੀਤ ਜਗਤ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਰੋਜ਼ਗਾਰ ਬੰਦ ਹੋ ਗਿਆ ਹੈ ਤੇ ਕਲਾਕਾਰਾਂ ਦੀ ਰੋਜ਼ੀ-ਰੋਟੀ 'ਤੇ ਵੀ ਸਮੇਂ ਦੀ ਕਾਫ਼ੀ ਮਾਰ ਪਈ ਹੈ। ਇਸ ਲਈ ਮੀਟਿੰਗ 'ਚ ਮੌਜੂਦ ਸਾਰਿਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਬਾਕੀ ਸਾਰੇ ਵਪਾਰਕ ਅਦਾਰੇ ਜਾਂ ਦੁਕਾਨਾਂ ਨਿਯਮਾਂ ਅਧੀਨ ਖੋਲ੍ਹਣ ਦੀ ਛੋਟ ਦਿੱਤੀ ਹੈ। ਇਸੇ ਤਰ੍ਹਾਂ ਹੀ ਗਾਇਕਾਂ ਤੇ ਕਲਾਕਾਰਾਂ ਨੂੰ ਧਾਰਮਿਕ ਜਾਂ ਰੰਗਾਰੰਗ ਪ੍ਰੋਗਰਾਮ ਜਿਵੇਂ ਜਗਰਾਤੇ, ਚੌਂਕੀਆਂ, ਛੋਟੇ ਮੇਲੇ ਜਾਂ ਪਰਿਵਾਰਕ ਸਮਾਗਮਾਂ 'ਚ ਨਿਯਮਾਂ ਅਨੁਸਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਵੀ ਮੰਗ ਕੀਤੀ। ਇਸ ਮੌਕੇ ਭੋਗਪੁਰ ਦੇ ਸਾਰੇ ਕਲਕਾਰਾਂ, ਗਾਇਕਾਂ, ਸਾਜੀਆਂ, ਐਂਕਰਾਂ ਨੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਦਿਆਲਪੁਰੀ ਨੂੰ ਪੂਰਾ ਸਮਰਥਨ ਦਿੱਤਾ। ਇਸ ਮੌਕੇ ਪ੍ਰਸਿਧ ਗਾਇਕ ਸੁਰਿੰਦਰ ਲਾਡੀ, ਪ੍ਰੀਤ ਗੁਰਪ੍ਰੀਤ, ਚਰਨਜੀਤ ਚੰਨੀ, ਬਲਦੇਵ ਰਾਹੀ, ਭਗਤ ਸ਼ਰਮਾ, ਦਲਵੀਰ ਸ਼ੌਕੀ, ਬੀ.ਕੇ. ਮਾਨ, ਕੁਮਾਰ ਰਵੀ, ਮਨੀ ਨੱਕਾਲ ਪਾਰਟੀ, ਪਰਮਿੰਦਰ ਬੰਬ, ਬਲਜਿੰਦਰ ਜੋਤੀ, ਤਾਜ ਨਗੀਨਾ, ਨਿਸ਼ਾਨ ਬਹਿਰਾਮੀਆ, ਰਾਮ ਮੂਰਤੀ, ਪਰਮਜੀਤ ਕਾਲਾ, ਜੋਤੀ ਢੋਲੀ, ਕੁਮਾਰ ਰਾਜਨ, ਪੀ.ਸੀ. ਰਾਉਤ, ਦਲਜੀਤ ਬੱਗਾ, ਰੱਤੀ ਚਾਹੜਕੇ, ਸਰਬਜੀਤ ਫੁੱਲ, ਸ਼ਿੰਦਾ ਬੈਂਜੋ ਮਾਸਟਰ ਤੇ ਹੋਰ ਮੌਜੂਦ ਸਨ।