ਸੀ.ਸੀ.ਟੀ.ਵੀ. ਫੁਟੇਜ ਨੇ ਸਿਟੀ ਪੁਲਸ ਨੂੰ ਸਵਾਲਾਂ ਦੇ ਘੇਰੇ ''ਚ ਲਿਆਂਦਾ

01/17/2018 3:07:36 AM

ਬੰਗਾ, (ਭਟੋਆ)- ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਕ੍ਰਾਈਮ ਵਾਲੀ ਘਟਨਾ ਤੋਂ ਪੁਲਸ ਦੋਸ਼ੀਆਂ ਦਾ ਪਤਾ ਲਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਦਾ ਸਹਾਰਾ ਲੈਂਦੀ ਹੈ। ਪਰ ਬੰਗਾ 'ਚ ਇਕ ਚੋਰੀ ਦੇ ਮਾਮਲੇ ਤੋਂ ਬਾਅਦ ਮਿਲੇ ਸੀ.ਸੀ.ਟੀ.ਵੀ. ਦੇ ਫੁਟੇਜ ਨੇ ਖੁਦ ਬੰਗਾ ਸਿਟੀ ਪੁਲਸ ਨੂੰ ਹੀ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ। ਵਰਨਣਯੋਗ ਹੈ ਕਿ 8 ਜਨਵਰੀ ਦੀ ਰਾਤ ਨੂੰ ਮੁਕੰਦਪੁਰ ਰੋਡ ਦੀ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਤੇ ਚੋਰੀ ਹੋਈ ਸੀ। ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਚੋਰ ਇਕ ਵੱਡੇ ਕੈਂਟਰ 'ਚ ਆਏ ਤੇ ਦੁਕਾਨ ਦਾ ਸਾਰਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਚੋਰਾਂ ਦਾ ਪਤਾ ਲਾਉਣ ਲਈ ਪੁਲਸ ਨੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਇਕੱਠਾ ਕਰਵਾਏ ਪਰ ਜਦੋਂ ਫੁਟੇਜ 'ਚ ਚੋਰੀ ਵਾਲੇ ਸਮੇਂ ਪੁਲਸ ਦੀ ਗੱਡੀ ਇਸੇ ਰੋਡ 'ਤੇ 2 ਵਾਰ ਗਸ਼ਤ ਕਰਦੀ ਨਜ਼ਰ ਆਈ ਤਾਂ ਇਹ  ਸਵਾਲ ਖੜ੍ਹੇ ਹੋ ਗਏ ਕਿ ਪੁਲਸ ਨੂੰ ਇਸ ਦੌਰਾਨ ਪਤਾ ਹੀ ਨਹੀਂ ਲੱਗਾ ਕਿ ਚੋਰ ਸੜਕ ਕਿਨਾਰੇ ਕੈਂਟਰ ਖੜ੍ਹਾ ਕਰ ਕੇ ਚੋਰੀ ਕਰ ਰਹੇ ਹਨ? ਇਥੇ ਦਸ ਦਈਏ ਕਿ ਫੁਟੇਜ ਦੇ ਮੁਤਾਬਕ ਚੋਰੀ ਵਾਲਾ ਕੈਂਟਰ ਰਾਤ ਕਰੀਬ 2.10 'ਤੇ ਮੇਨ ਰੋਡ ਵੱਲੋਂ ਆ ਕੇ ਦੁਕਾਨ ਅੱਗੇ ਖੜ੍ਹਾ ਹੋਇਆ ਤੇ 2.57 'ਤੇ ਪੂਰੀ ਤਸੱਲੀ ਨਾਲ ਦੁਕਾਨ ਦਾ ਸਾਰਾ ਸਾਮਾਨ ਚੋਰ ਚੋਰੀ ਕਰ ਕੇ ਮੁਕੰਦਪੁਰ ਸਾਈਡ ਨੂੰ ਚਲੇ ਗਏ। ਠੀਕ ਇਸੇ ਦੌਰਾਨ ਇਕ ਹੋਰ (ਇਸੇ ਰੋਡ 'ਤੇ ਚੋਰੀ ਵਾਲੀ ਦੁਕਾਨ ਤੋਂ ਕਰੀਬ 200 ਮੀ.ਦੀ ਦੂਰੀ 'ਤੇ) ਕੈਮਰੇ ਦੀ ਫੁਟੇਜ 'ਚ ਪਤਾ ਲੱਗਾ ਕਿ ਬੰਗਾ ਸਿਟੀ ਪੁਲਸ ਦੀ ਗੱਡੀ ਪਹਿਲਾਂ 2.14 ਤੇ ਫਿਰ 2.53 'ਤੇ ਫਾਟਕ ਵਾਲੀ ਸਾਈਡ ਤੋਂ ਮੇਨ ਰੋਡ ਵੱਲ 2 ਵਾਰ ਗਈ। ਸਵਾਲ ਇਹ ਵੀ ਉਠਦਾ ਹੈ ਕਿ ਇਸ ਨੂੰ ਇਕ ਇਤਫ਼ਾਕ ਸਮਝਿਆ ਜਾਵੇ ਕਿ ਠੀਕ ਚੋਰਾਂ ਦੇ ਆਉਣ-ਜਾਣ ਦੇ ਸਮੇਂ ਹੀ ਪੁਲਸ ਦੀ ਗੱਡੀ ਉਥੋਂ ਲੰਘੀ! 
ਉੱਧਰ ਸੀ.ਪੀ.ਆਈ.(ਐੱਮ.) ਦੇ ਕਾਮਰੇਡ ਬਲਵਿੰਦਰ ਪਾਲ ਨੇ ਦੱਸਿਆ ਕਿ ਪੁਲਸ ਦੀ ਕਾਰਜ ਪ੍ਰਣਾਲੀ ਉਸ ਵੇਲੇ ਹੋਰ ਵੀ ਸ਼ੱਕੀ ਹੁੰਦੀ ਹੈ ਜਦੋਂ ਪੁਲਸ ਨੇ ਦੁਕਾਨ ਦੇ ਮਾਲਕ ਤੋਂ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਵਾਲੀ ਪੈਨ ਡਰਾਈਵ ਲੈ ਕੇ ਦੂਜੇ ਦਿਨ ਵਾਪਸ ਕੀਤੀ ਤਾਂ ਉਸ 'ਚੋਂ ਪੂਰੀ ਦੀ ਪੂਰੀ ਰਿਕਾਰਡਿੰਗ ਹੀ ਡਿਲੀਟ ਕੀਤੀ ਹੋਈ ਸੀ ਤੇ ਜੋ ਪੁਲਸ ਨੂੰ ਵਾਰ-ਵਾਰ ਕਹਿਣ 'ਤੇ ਵਾਪਸ ਦਿੱਤੀ। ਕਾਮਰੇਡ ਨੇ ਦੱਸਿਆ ਕਿ ਜਦੋਂ ਦੁਕਾਨ ਮਾਲਕ ਨੇ ਅਸਲੀ ਫੁਟੇਜ ਦੁਬਾਰਾ ਲੈਣ ਲਈ ਉਸ ਘਰ ਵਾਲਿਆਂ ਨਾਲ ਸੰਪਰਕ ਕੀਤਾ ਜਿਥੋਂ ਫੁਟੇਜ ਪਹਿਲਾਂ ਲਈ ਸੀ ਤਾਂ ਉਨ੍ਹਾਂ ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ। ਕਾਮਰੇਡ ਬਲਵਿੰਦਰ ਦਾ ਕਹਿਣਾ ਹੈ ਕਿ ਇਥੇ ਵੀ ਪੂਰਾ ਸ਼ੱਕ ਹੈ ਕਿ ਪੁਲਸ ਦੇ ਦਬਾਅ ਕਾਰਨ ਉਨ੍ਹਾਂ ਇਨਕਾਰ ਕੀਤਾ। ਕਾਮਰੇਡ ਬਲਵਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਚੋਰੀ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। 
ਮਾਮਲੇ 'ਚ ਕੀ ਕਹਿਣਾ ਹੈ ਸਿਟੀ ਪੁਲਸ ਦਾ...
ਇਸ ਸਬੰਧੀ ਜਦੋਂ ਸਿਟੀ ਪੁਲਸ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਪੁਲਸ ਦੀ ਗੱਡੀ ਉਥੋਂ ਲੰਘੀ ਜ਼ਰੂਰ ਪਰ ਕੈਂਟਰ ਹਨੇਰੇ 'ਚ ਖੜ੍ਹਾ ਹੋਣ ਕਰ ਕੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਚੋਰੀ ਦੇ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਚੋਰ ਜਲਦ ਪੁਲਸ ਦੀ ਪਹੁੰਚ 'ਚ ਹੋਣਗੇ।  


Related News