ਸੜਕ ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਪੰਜਾਬ ’ਚ ਲੱਗਣਗੇ CCTV ਕੈਮਰੇ : ਭੁੱਲਰ

05/12/2022 2:07:41 AM

ਚੰਡੀਗੜ੍ਹ (ਰਮਨਜੀਤ/ਬਿਊਰੋ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਐਲਾਨ ਕੀਤਾ ਕਿ ਸੜਕ ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਪੰਜਾਬ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਸੜਕ ਹਾਦਸਿਆਂ ਦੌਰਾਨ ਅਜਾਈਂ ਜਾ ਰਹੀਆਂ ਮੌਤਾਂ ਤੋਂ ਬਹੁਤ ਚਿੰਤਤ ਹੈ ਅਤੇ ਆਵਾਜਾਈ ਕੰਟਰੋਲ ਕਰਨ ਤੇ ਸੜਕ ਹਾਦਸਿਆਂ ਦੌਰਾਨ ਮੌਤ ਦਰ ਘੱਟ ਕਰਨ ਲਈ ਸੁਪਰੀਮ ਕੋਰਟ ਦੀ ਕਮੇਟੀ ਦੀਆਂ ਸਿਫਾਰਸ਼ਾਂ ਦੀ ਹੂ-ਬ-ਹੂ ਪਾਲਣਾ ਕਰਦਿਆਂ ਸੜਕੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਵਿੱਚ ਅਜਿਹੇ ਮਾਪਦੰਡ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਥੇ ਪੰਜਾਬ ਭਵਨ ਵਿਖੇ ਸੜਕ ਸੁਰੱਖਿਆ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਬਾਰੇ ਸਥਿਤੀ ਦਾ ਜਾਇਜ਼ਾ ਲੈਣ ਸਬੰਧੀ ਪਲੇਠੀ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਸਬੰਧੀ ਪ੍ਰਾਜੈਕਟ ਦਾ ਖਰੜਾ ਤੁਰੰਤ ਤਿਆਰ ਕਰਵਾਉਣ।

ਇਹ ਵੀ ਪੜ੍ਹੋ : ਧਾਲੀਵਾਲ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਮੁਰਲੀਧਰਨ ਕੋਲ ਉਠਾਇਆ

ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭੁੱਲਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਨੂੰ ਮੁੱਢਲੇ ਪੜਾਅ ਦੌਰਾਨ 50 ਫੀਸਦੀ ਤੱਕ ਘਟਾਉਣ ਲਈ ਸਖਤ ਕਦਮ ਚੁੱਕਣ, ਜਿਵੇਂ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਸਟੇਸ਼ਨਾਂ ਰਾਹੀਂ ਡਰਾਈਵਿੰਗ ਲਾਈਸੈਂਸ ਬਣਾਉਣਾ, ਤਸਦੀਕ ਅਤੇ ਜਾਰੀ ਕਰਨਾ। ਇਸ ਤੋਂ ਇਲਾਵਾ ਸਰਕਾਰੀ ਟਰਾਂਸਪੋਰਟ ਅਤੇ ਮਾਲ ਢੋਹਣ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ ਹੈਵੀ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ ਤੇ ਵਾਹਨਾਂ ਦੀ ਪਾਸਿੰਗ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂ ਜੋ ਵਾਹਨਾਂ ਦੀ ਮਾੜੀ ਹਾਲਤ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਹੋਰ ਉਪਾਅ, ਜਿਨ੍ਹਾਂ ’ਤੇ ਸਰਕਾਰ ਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ, ਵਿੱਚ ਖੰਨਾ, ਜਲੰਧਰ, ਪਠਾਨਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਟਰੋਮਾ ਕੇਅਰ ਸੈਂਟਰਾਂ (ਲੈਵਲ-2) ਨੂੰ ਕਾਰਜਸ਼ੀਲ ਕਰਨ ਦੇ ਨਾਲ-ਨਾਲ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਸਾਰੇ ਸਰਕਾਰੀ ਕਾਲਜਾਂ ਤੇ ਏਮਜ਼ ਬਠਿੰਡਾ ਵਿੱਚ ਟਰੋਮਾ ਕੇਅਰ ਸੈਂਟਰਾਂ ਦੀ ਸਹੂਲਤ ਸ਼ੁਰੂ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਸਿੱਖ ਕੌਮ ਨੂੰ ਘੱਟ ਗਿਣਤੀਆਂ 'ਚੋਂ ਬਾਹਰ ਕੱਢਣ ਦਾ ਕੋਈ ਪ੍ਰਸਤਾਵ ਨਹੀਂ : NCM

ਪਿਛਲੇ 2-3 ਸਾਲਾਂ ਦੌਰਾਨ ਸ਼ਨਾਖਤ ਕੀਤੀਆਂ ਗਈਆਂ ਵੱਧ ਦੁਰਘਟਨਾ ਵਾਲੀਆਂ ਥਾਵਾਂ ਨੂੰ ਦਰੁਸਤ ਕਰਨ ਲਈ ਟਰਾਂਸਪੋਰਟ ਮੰਤਰੀ ਨੇ ਸੜਕੀ ਆਵਾਜਾਈ ਨਾਲ ਸਬੰਧਿਤ ਵਿਭਾਗਾਂ ਜਿਵੇਂ ਕਿ ਐੱਨ.ਐੱਚ.ਏ.ਆਈ., ਲੋਕ ਨਿਰਮਾਣ (ਬੀ. ਐਂਡ ਆਰ.), ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕੌਮੀ ਰਾਜ ਮਾਰਗਾਂ, ਰਾਜ ਮਾਰਗਾਂ, ਨਗਰ ਨਿਗਮ ਦੀਆਂ ਸੜਕਾਂ ਅਤੇ ਹੋਰ ਪ੍ਰਮੁੱਖ ਸੜਕਾਂ ’ਤੇ ਪੈਂਦੀਆਂ 792 ਵੱਧ ਦੁਰਘਟਨਾ ਵਾਲੀਆਂ ਥਾਵਾਂ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਡਾਇਰੈਕਟਰ ਜਨਰਲ ਲੀਡ ਏਜੰਸੀ ਆਰ. ਵੈਂਕਟ ਰਤਨਮ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਏ.ਡੀ.ਜੀ.ਪੀ. (ਟ੍ਰੈਫ਼ਿਕ) ਏ.ਐੱਸ. ਰਾਏ, ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਖਰਚਾ ਮੁਹੰਮਦ ਤਈਅਬ, ਐੱਨ.ਐੱਚ.ਏ.ਆਈ. ਦੇ ਸਲਾਹਕਾਰ ਕਾਹਨ ਸਿੰਘ ਪੰਨੂ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ ਸਣੇ ਲੋਕ ਨਿਰਮਾਣ ਵਿਭਾਗ (ਬੀ.ਐਂਡ ਆਰ.), ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਮੰਡੀ ਬੋਰਡ, ਸਕੂਲ ਸਿੱਖਿਆ ਆਦਿ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਵੱਲੋਂ ਇੰਜੀਨੀਅਰ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਸਮੇਂ ਸਿਰ ਹੱਲ ਕਰਨ ਦਾ ਭਰੋਸਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News