ਪ੍ਰੀਖਿਆ ਰੱਦ ਹੋਣ ਤੋਂ ਬਾਅਦ ਬੋਲੇ ਵਿਦਿਆਰਥੀ, CBSE ਦਾ ਫੈਸਲਾ ਸਹੀ

Friday, Jun 26, 2020 - 11:22 AM (IST)

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਦੀ ਡੇਟਸ਼ੀਟ ਦੁਬਾਰਾ ਐਲਾਨ ਹੋਣ ਦੇ ਬਾਅਦ ਪ੍ਰੀਖਿਆਵਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਵੀਰਵਾਰ ਨੂੰ ਰੁਕ ਗਈ। ਸੁਪਰੀਮ ਕੋਰਟ 'ਚ ਮਾਮਲਾ ਪੁੱਜਣ ਤੋਂ ਬਾਅਦ ਪ੍ਰੀਖਿਆਵਾਂ ਬਾਰੇ ਸੀ. ਬੀ. ਐੱਸ. ਈ. ਵੱਲੋਂ ਲਏ ਗਏ ਫੈਸਲੇ ਨਾਲ ਜਿੱਥੇ ਮਾਪਿਆਂ ਨੇ ਰਾਹਤ ਦਾ ਸਾਹ ਲਿਆ ਹੈ, ਉੱਥੇ ਵਿਦਿਆਰਥੀਆਂ ਨੇ ਵੀ ਬੋਰਡ ਵੱਲੋਂ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸ ਦੇਈਏ ਕਿ ਇਕੱਲੇ ਲੁਧਿਆਣਾ 'ਚ 115 ਦੇ ਲਗਭਗ ਸੀ. ਬੀ. ਐੱਸ. ਈ. ਨਾਲ ਸਬੰਧਤ ਸਕੂਲ ਹਨ, ਜਿਨ੍ਹਾਂ ਦੇ ਲਗਭਗ 36 ਹਜ਼ਾਰ ਵਿਦਿਆਰਥੀ ਬੋਰਡ ਪ੍ਰੀਖਿਆਵਾਂ 'ਚ ਹਿੱਸਾ ਲੈ ਰਹੇ ਸਨ। ਇਨ੍ਹਾਂ ’ਚੋਂ ਲਗਭਗ 19 ਹਜ਼ਾਰ ਵਿਦਿਆਰਥੀ 10ਵੀਂ ਕਲਾਸ ਅਤੇ 17 ਹਜ਼ਾਰ ਵਿਦਿਆਰਥੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ’ਚ ਹਿੱਸਾ ਲੈ ਰਹੇ ਸਨ। ਸ਼ਹਿਰ ਦੇ ਵਿਦਿਆਰਥੀਆਂ ਦੀ 10ਵੀਂ ਕਲਾਸ ਦੀ ਪ੍ਰੀਖਿਆਵਾਂ ਤਾਂ ਖਤਮ ਹੋ ਚੁੱਕੀਆਂ ਹਨ ਪਰ 12ਵੀਂ ਦੇ ਕੁੱਝ ਵਿਸ਼ਿਆਂ ਦੀ ਪ੍ਰੀਖਿਆਵਾਂ ਪੈਂਡਿੰਗ ਹਨ।
ਆਰਟਸ ਅਤੇ ਕਾਮਰਸ ਦੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਸੀ ਪੈਂਡਿੰਗ
ਜਾਣਕਾਰੀ ਮੁਤਾਬਕ ਆਰਟਸ ਗਰੁੱਪ 'ਚ ਜਿਉਗ੍ਰਾਫੀ ਅਤੇ ਕਾਮਰਸ ਗਰੁੱਪ ’ਚ ਬਿਜ਼ਨੈੱਸ ਸਟੱਡੀ ਵਰਗੇ ਮੁੱਖ ਵਿਸ਼ੇ ਦੀ ਪ੍ਰੀਖਿਆ ਪੈਂਡਿੰਗ ਹੈ। ਬਾਕੀ 4 ਵਿਸ਼ਿਆਂ ਦੀ ਪ੍ਰੀਖਿਆ ਹੋ ਚੁੱਕੀ ਹੈ। ਨਾਨ-ਮੈਡੀਕਲ ਅਤੇ ਮੈਡੀਕਲ ਗਰੁੱਪ ਦੇ ਵਿਦਿਆਰਥੀਆਂ ਦੀਆਂ ਸਾਰੀਆਂ ਪ੍ਰੀਖਿਆਵਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਕਈ ਸਕੂਲਾਂ 'ਚ ਵਿਦਿਆਰਥੀਆਂ ਦੇ ਐਡੀਸ਼ਨਲ ਅਤੇ ਆਪਸ਼ਨਲ ਵਿਸ਼ਿਆਂ ’ਤੇ ਪੇਪਰ ਪੈਂਡਿੰਗ ਪਏ ਸਨ। ‘ਜਗ ਬਾਣੀ’ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੀ. ਬੀ. ਐੱਸ. ਈ. ਵੱਲੋਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਲਏ ਗਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਹਤ ਤੋਂ ਵਧ ਕੇ ਹੋਰ ਕੁੱਝ ਨਹੀਂ ਹੈ।
 


Babita

Content Editor

Related News