CBSE ਦੀਆਂ ਫਾਈਨਲ ਪ੍ਰੀਖਿਆਵਾਂ ਅੱਜ ਤੋਂ, ਵਿਦਿਆਰਥੀ ਰੱਖਣ ਖ਼ਾਸ ਗੱਲਾਂ ਦਾ ਧਿਆਨ

Monday, Feb 19, 2024 - 09:47 AM (IST)

CBSE ਦੀਆਂ ਫਾਈਨਲ ਪ੍ਰੀਖਿਆਵਾਂ ਅੱਜ ਤੋਂ, ਵਿਦਿਆਰਥੀ ਰੱਖਣ ਖ਼ਾਸ ਗੱਲਾਂ ਦਾ ਧਿਆਨ

ਚੰਡੀਗੜ੍ਹ (ਆਸ਼ੀਸ਼) : ਸੀ. ਬੀ. ਐੱਸ. ਈ. ਬੋਰਡ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਇਮਤਿਹਾਨ ਤੋਂ ਪਹਿਲਾਂ ਬੱਚਿਆਂ ਦੇ ਮਨ ’ਚ ਪ੍ਰੀਖਿਆ ਦੀ ਤਿਆਰੀ ਸਬੰਧੀ ਕਈ ਸਵਾਲ ਹੁੰਦੇ ਹਨ ਅਤੇ ਕਈ ਬੱਚੇ ਇਸ ਗੱਲ ਨੂੰ ਲੈ ਕੇ ਤਣਾਅ ਵਿਚ ਰਹਿੰਦੇ ਹਨ। ਸੀ. ਬੀ. ਐੱਸ. ਈ. ਨੇ ਪ੍ਰੀਖਿਆਵਾਂ ਦੇ ਮੱਦੇਨਜ਼ਰ ਨਮੂਨੇ ਦੇ ਪੇਪਰ ਜਾਰੀ ਕੀਤੇ ਹਨ। ਬੱਚੇ ਨਮੂਨੇ ਦੇ ਪੇਪਰਾਂ ਰਾਹੀਂ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ। ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਆਪਣੀ ਸਿਹਤ ਅਤੇ ਖਾਣ-ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਰੱਖੋ ਹਾਂ-ਪੱਖੀ ਰਵੱਈਆ, ਕਾਬਲੀਅਤ ’ਤੇ ਰੱਖੋ ਭਰੋਸਾ
ਮਨੋਰੋਗਾਂ ਦੇ ਮਾਹਰ ਡਾ. ਅਮਿਤ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਦਿਲਚਸਪੀ ਨਾ ਹੋਣ ਜਾਂ ਆਲਸ ਮਹਿਸੂਸ ਕਰਨ ਦੀ ਸਮੱਸਿਆ ਹੋ ਸਕਦੀ ਹੈ। ਯਾਦ ਰੱਖੋ, ਜੇ ਤੁਸੀਂ ਨਿਯਮਿਤ ਤੌਰ ’ਤੇ ਅਧਿਐਨ ਕਰੋਗੇ ਤਾਂ ਪ੍ਰੀਖਿਆ ਵਾਲੇ ਦਿਨ ਤੁਹਾਨੂੰ ਤਣਾਅ ਨਹੀਂ ਹੋਵੇਗਾ। ਆਪਣੇ ਖੇਤਰ ’ਚ ਸਫਲ ਲੋਕਾਂ ਤੋਂ ਪ੍ਰੇਰਨਾ ਲਓ। ਛੋਟੇ ਟੀਚੇ ਬਣਾਓ। ਜੇ ਤੁਹਾਡੇ ਤੋਂ ਆਪਣੀ ਪੜ੍ਹਾਈ ਲਈ ਔਖੇ ਸਵਾਲ ਹੱਲ ਨਹੀਂ ਹੋ ਰਹੇ ਤਾਂ ਅਧਿਆਪਕਾਂ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰੋ ਅਤੇ ਮੌਕ ਟੈਸਟਾਂ ’ਚ ਹਿੱਸਾ ਲਓ। ਪੜ੍ਹਾਈ ਦੌਰਾਨ ਆਪਣੇ ਮਨ ਨੂੰ ਭਟਕਣ ਤੋਂ ਬਚਾਉਣ ਲਈ ਧਿਆਨ ਅਤੇ ਕਸਰਤ ਦੀ ਮਦਦ ਲਓ। ਹਮੇਸ਼ਾ ਹਾਂਪੱਖੀ ਰਵੱਈਆ ਰੱਖੋ। ਆਪਣੇ ਆਪ ’ਤੇ ਧਿਆਨ ਕੇਂਦਰਿਤ ਕਰੋ ਅਤੇ ਆਪਣੀ ਕਾਬਲੀਅਤ ’ਤੇ ਭਰੋਸਾ ਰੱਖੋ।

ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚ
ਸੰਤੁਲਿਤ ਖ਼ੁਰਾਕ ਵੱਲ ਦਿਓ ਧਿਆਨ
ਡਾਇਟੀਸ਼ੀਅਨ ਦੀਪਤੀ ਗੋਇਲ ਦਾ ਕਹਿਣਾ ਹੈ ਕਿ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ। ਸੌਂਫ ਦਾ ਪਾਣੀ ਜਾਂ ਜ਼ੀਰੇ ਦਾ ਪਾਣੀ ਪੀਓ। ਦੋ-ਪੰਜ ਭਿੱਜੇ ਹੋਏ ਬਦਾਮ ਅਤੇ ਅਖਰੋਟ ਵੀ ਖਾਓ। ਉੱਚਿਤ ਮਾਤਰਾ ’ਚ ਪਾਣੀ ਪੀਣ ਨਾਲ ਭੋਜਨ ਸਹੀ ਤਰ੍ਹਾਂ ਪਚਦਾ ਹੈ ਅਤੇ ਸਰੀਰ ਹਾਈਡ੍ਰੇਟ ਵੀ ਰਹਿੰਦਾ ਹੈ। ਇਸ ਲਈ ਪਾਣੀ ਪੀਣ ’ਚ ਲਾਪਰਵਾਹੀ ਨਾ ਕਰੋ। ਘੱਟ ਪਾਣੀ ਪੀਣ ਨਾਲ ਵੀ ਚਿੜਚਿੜਾਪਣ ਵਧਦਾ ਹੈ। ਬੱਚਿਆਂ ਦਾ ਨਾਸ਼ਤਾ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਵਿਚ ਮੂੰਗਫ਼ਲੀ ਦੇ ਨਾਲ ਸਬਜ਼ੀ ਪੋਹਾ, ਸਬਜ਼ੀਆਂ ਦੇ ਨਾਲ ਮਲਟੀਗ੍ਰੇਨ ਬਰੈੱਡ ਸੈਂਡਵਿਚ ਅਤੇ ਸਪਾਉਟਡ ਸਲਾਦ ਸਭ ਤੋਂ ਵਧੀਆ ਬਦਲ ਹਨ। ਤੁਸੀਂ ਮੌਸਮੀ ਫਲਾਂ ਅਤੇ ਸਬਜ਼ੀਆਂ ਦਾ ਜੂਸ ਵੀ ਦੇ ਸਕਦੇ ਹੋ। ਨਾਸ਼ਤਾ ਕਦੇ ਨਾ ਛੱਡੋ। ਰਾਤ ਨੂੰ ਹਲਕਾ ਭੋਜਨ ਖਾਓ ਅਤੇ ਬਾਹਰੀ ਭੋਜਨ ਤੋਂ ਪਰਹੇਜ਼ ਕਰੋ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਹੰਝੂ ਗੈਸ ਦੇ ਗੋਲੇ ਝੋਲਿਆਂ 'ਚ ਪਾ ਰਹੇ ਕਿਸਾਨ, ਬੋਲੇ-ਇਹ ਅੰਦੋਲਨ ਦੀ ਨਿਸ਼ਾਨੀ
ਪੜ੍ਹਾਈ ਕਰਨ ਲਈ ਬਣਾਓ ਸਮਾਂ ਸਾਰਨੀ
ਸੈਕਟਰ 18 ਸਥਿਤ ਪੀ.ਐੱਮ. ਸ਼੍ਰੀ ਜੀ. ਜੀ. ਐੱਮ. ਐੱਸ. ਐੱਸ. ਸੀ. ਬੀ. ਐੱਸ. ਈ. ਦੇ ਸਮਾਜ ਸ਼ਾਸਤਰ ਦੇ ਲੈਕਚਰਾਰ ਡਾ: ਰਮੇਸ਼ ਚੰਦ ਸ਼ਰਮਾ ਦਾ ਕਹਿਣਾ ਹੈ ਕਿ ਸੀ. ਬੀ. ਐੱਸ. ਈ. ਪ੍ਰੀਖਿਆ ’ਚ ਬੱਚਿਆਂ ਨੂੰ ਐੱਨ. ਸੀ. ਈ. ਆਰ. ਟੀ. ਦੇ ਨਾਲ-ਨਾਲ ਆਪਣੇ ਸ਼ਬਦਾਂ ’ਚ ਜਵਾਬ ਲਿਖਣ ਦਾ ਅਧਿਕਾਰ ਹੈ। ਬੋਰਡ ਪ੍ਰੀਖਿਆਵਾਂ ਬੱਚੇ ਦੀ ਸਮਝਾਉਣ ਅਤੇ ਵਿਸ਼ਲੇਸ਼ਣ ਕਰਨ ਦੀ ਯੋਗਤਾ ਦੀ ਪਰਖ ਕਰਦੀਆਂ ਹਨ ਨਾ ਕਿ ਸਿਰਫ਼ ਉਸ ਦੀ ਯਾਦਦਾਸ਼ਤ ਦੀ। ਬੱਚੇ ਆਪਣੇ ਵਿਚਾਰ ਸਪੱਸ਼ਟ ਅਤੇ ਢੁੱਕਵੇਂ ਢੰਗ ਨਾਲ ਪੇਸ਼ ਕਰ ਕੇ ਵੱਧ ਤੋਂ ਵੱਧ ਅੰਕ ਹਾਸਲ ਕਰ ਸਕਦੇ ਹਨ। ਅਧਿਐਨ ਕਰਨ ਲਈ ਸਮਾਂ ਸਾਰਨੀ ਬਣਾਓ ਤਾਂ ਜੋ ਤੁਹਾਡੀ ਪੜ੍ਹਾਈ ਵਧੇਰੇ ਸੰਗਠਿਤ ਅਤੇ ਪ੍ਰਭਾਵਸ਼ਾਲੀ ਹੋ ਸਕੇ। ਪਹਿਲਾਂ ਮਹੱਤਵਪੂਰਨ ਵਿਸ਼ਿਆਂ ’ਤੇ ਧਿਆਨ ਦਿਓ। ਇਸ ਨਾਲ ਪੜ੍ਹਾਈ ਦੀ ਰਫ਼ਤਾਰ ਵਧੇਗੀ। ਚੰਗੀ ਯਾਦਦਾਸ਼ਤ ਲਈ ਪੂਰੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ। ਨਿਯਮਤ ਮੌਕ ਟੈਸਟ ਦਿਓ ਤਾਂ ਜੋ ਇਹ ਤੁਹਾਡੀ ਤਿਆਰੀ ਦਾ ਸਹੀ ਮੁਲਾਂਕਣ ਕਰਨ ’ਚ ਤੁਹਾਡੀ ਮਦਦ ਕਰ ਸਕੇ।
ਪ੍ਰੀਖਿਆ ਦੀ ਤਿਆਰੀ ਲਈ ਲਓ ਨਮੂਨਾ ਪੇਪਰ ਦੀ ਮਦਦ
ਜੀ.ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ 20 ’ਚ ਕੌਂਸਲਰ ਮੋਨਿਕਾ ਸੰਧੂ ਦਾ ਕਹਿਣਾ ਹੈ ਕਿ ਬੱਚੇ ਬੋਰਡ ਦੀ ਵੈੱਬਸਾਈਟ ’ਤੇ ਜਾ ਸਕਦੇ ਹਨ ਅਤੇ ਹਰ ਵਿਸ਼ੇ ਦੇ ਨਮੂਨੇ ਦੇ ਪੇਪਰ ਡਾਊਨਲੋਡ ਕਰ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਵੈੱਬਸਾਈਟ ਨੂੰ ਓਪਨ ਕਰੋ। ਹੋਮਪੇਜ ’ਤੇ ਕਈ ਆਪ਼ਸ਼ਨ ਦਿਖਾਈ ਦੇਣਗੇ। ਸੈਂਪਲ ਪੇਪਰ ਦੀ ਆਪਸ਼ਨ ਹੋਵੇਗੀ, ਜਿਸ ’ਤੇ ਕਲਿੱਕ ਕਰਨ ’ਤੇ ਬੱਚੇ ਪਿਛਲੇ ਕਈ ਸਾਲਾਂ ਦੇ ਪੇਪਰ ਦੇਖਣਗੇ। ਇਹ ਪੇਪਰ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਬਹੁਤ ਸਾਰੇ ਬੱਚਿਆਂ ਦੀ ਮਦਦ ਕਰਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਅਭਿਆਸ ਵਿਚ ਸੁਧਾਰ ਹੁੰਦਾ ਹੈ ਸਗੋਂ ਉਨ੍ਹਾਂ ਨੂੰ ਇਹ ਸਮਝਣ ਵਿਚ ਵੀ ਮਦਦ ਮਿਲਦੀ ਹੈ ਕਿ ਕਿਸੇ ਖ਼ਾਸ ਵਿਸ਼ੇ ਦੇ ਪੇਪਰ ਕਿਵੇਂ ਆਉਂਦੇ ਹਨ। ਨਿਰਧਾਰਤ ਸਮਾਂ ਸੀਮਾ ਵਿਚ ਪ੍ਰਸ਼ਨ ਪੱਤਰ ਹੱਲ ਕਰਨ ਨਾਲ ਬੱਚਿਆਂ ਦੇ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਪ੍ਰੀਖਿਆ ਦੌਰਾਨ ਪ੍ਰਸ਼ਨ ਗੁੰਮ ਹੋਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News