CBSE 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਭਲਕੇ ਤੋਂ, 46 ਲੱਖ ਵਿਦਿਆਰਥੀ ਹੋਣਗੇ ਅਪੀਅਰ

Monday, Feb 16, 2026 - 10:08 AM (IST)

CBSE 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਭਲਕੇ ਤੋਂ, 46 ਲੱਖ ਵਿਦਿਆਰਥੀ ਹੋਣਗੇ ਅਪੀਅਰ

ਲੁਧਿਆਣਾ (ਵਿੱਕੀ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਨੂੰ ਸ਼ੁਰੂ ਹੋਣ ਵਾਲੀਆਂ ਹਨ। ਬੋਰਡ ਦੇ ਅਨੁਸਾਰ ਦੋਹਾਂ ਜਮਾਤਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਕਰੀਬ 46 ਲੱਖ ਵਿਦਿਆਰਥੀ ਪ੍ਰੀਖਿਆ ’ਚ ਬੈਠਣਗੇ। ਇਕ ਸੁਰੱਖਿਅਤ ਅਨੁਸ਼ਾਸਿਤ ਤੇ ਤਣਾਅ ਮੁਕਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਲਈ ਖ਼ਾਸ ‘ਕੀ ਕਰਨਾ ਹੈ ਤੇ ਕੀ ਨਹੀਂ ਕਰਨਾ’ ਦੀ ਸੂਚੀ ਜਾਰੀ ਕੀਤੀ ਹੈ। ਬੋਰਡ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦਿਆਰਥੀ ਜਾਣਕਾਰੀ ਦੀ ਘਾਟ ਕਾਰਨ ਪ੍ਰੀਖਿਆ ਤੋਂ ਵਾਂਝਾ ਨਾ ਰਹੇ। ਸੀ. ਬੀ. ਐੱਸ. ਈ. ਨੇ ਸਮੇਂ ਦੀ ਪਾਬੰਦੀ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਪ੍ਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਪਰ ਵਿਦਿਆਰਥੀਆਂ ਲਈ ਸਵੇਰੇ 10 ਵਜੇ ਤੱਕ ਪ੍ਰੀਖਿਆ ਕੇਂਦਰ ’ਤੇ ਪਹੁੰਚਣਾ ਲਾਜ਼ਮੀ ਹੈ। 10 ਵਜੇ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਰਡ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ 9 ਜਾਂ 9:30 ਵਜੇ ਤੱਕ ਪ੍ਰੀਖਿਆ ਕੇਂਦਰ ’ਤੇ ਪਹੁੰਚ ਜਾਣ।
ਪਹਿਲਾਂ ਹੀ ਤਿਆਰ ਕਰੋ ਆਪਣੀ ਯਾਤਰਾ ਦੀ ਯੋਜਨਾ
ਬੋਰਡ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਥਾਨਕ ਟ੍ਰੈਫਿਕ, ਦੂਰੀ, ਮੌਸਮ ਤੇ ਸੰਭਾਵਿਤ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆ ਦੇ ਦਿਨਾਂ ਦੌਰਾਨ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਹੀ ਬਣਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਰੈਗੂਲਰ ਕਰਨ ਦੇ ਹਾਈਕੋਰਟ ਨੇ ਦਿੱਤੇ ਹੁਕਮ
ਇਨ੍ਹਾਂ ਬਿੰਦੂਆਂ ਵੱਲ ਵੀ ਦਿਓ ਧਿਆਨ 
ਵਿਦਿਆਰਥੀਆਂ ਨੂੰ ਬਿਨਾਂ ਐਡਮਿਟ ਕਾਰਡ ਦੇ ਕੇਂਦਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਐਡਮਿਟ ਕਾਰਡ ’ਤੇ ਮਾਪਿਆਂ ਤੇ ਸਕੂਲ ਪ੍ਰਿੰਸੀਪਲ ਦੇ ਦਸਤਖ਼ਤ ਹੋਣੇ ਚਾਹੀਦੇ ਹਨ।
ਐਡਮਿਟ ਕਾਰਡ ਨੂੰ ਲੈਮੀਨੇਟ ਨਾ ਕਰੋ, ਕਿਉਂਕਿ ਇਸ ’ਤੇ ਨਿਗਰਾਨ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ।
ਰੈਗੂਲਰ ਵਿਦਿਆਰਥੀਆਂ ਲਈ ਸਕੂਲ ਵਰਦੀ ਵਿਚ ਆਉਣਾ ਜ਼ਰੂਰੀ ਹੈ।
ਪ੍ਰਾਈਵੇਟ ਉਮੀਦਵਾਰ ਆਮ ਕੱਪੜੇ ਪਾ ਸਕਦੇ ਹਨ।
ਵਿਦਿਆਰਥੀ ਇਕ ਪਾਰਦਰਸ਼ੀ ਥੈਲੀ ਵਿਚ ਨੀਲੇ ਜਾਂ ਕਾਲੇ ਪੈੱਨ, ਪੈਨਸਿਲ, ਇਰੇਜ਼ਰ, ਕਟਰ ਅਤੇ ਸਕੇਲ ਲੈ ਕੇ ਜਾ ਸਕਦੇ ਹਨ।
ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਦੀ ਇਜਾਜ਼ਤ ਹੈ। ਮੋਬਾਈਲ ਫੋਨ, ਸਮਾਰਟਵਾਚ, ਬਲੂਟੁੱਥ ਡਿਵਾਈਸ, ਕੈਲਕੂਲੇਟਰ, ਲੌਗ ਟੇਬਲ ਤੇ ਇਲੈਕਟ੍ਰਾਨਿਕ ਗੈਜੇਟ ਦੀ ਸਖ਼ਤੀ ਨਾਲ ਮਨਾਹੀ ਹੈ।
ਕੋਈ ਵੀ ਲਿਖ਼ਤੀ ਸਮੱਗਰੀ ਜਾਂ ਕਾਗਜ਼ ਦੇ ਟੁਕੜੇ ਲੈ ਕੇ ਜਾਣ ਨੂੰ ਯੂ. ਐੱਫ. ਐੱਮ. ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਗਰੀਬ ਪਰਿਵਾਰਾਂ ਲਈ ਚਿੰਤਾ ਭਰੀ ਖ਼ਬਰ, ਘਰ ਬਣਾਉਣਾ ਹੋਵੇਗਾ ਮੁਸ਼ਕਲ, ਪੜ੍ਹੋ ਪੂਰੀ ਖ਼ਬਰ
ਪ੍ਰੀਖਿਆ ਕੇਂਦਰ ’ਤੇ ਧਿਆਨ ’ਚ ਰੱਖਣ ਵਾਲੀਆਂ ਗੱਲਾਂ 
ਆਪਣੀਆਂ ਸੀਟਾਂ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ ਕੋਈ ਪੇਪਰ ਡਿੱਗਿਆ ਤਾਂ ਨਹੀਂ ਹੈ। ਉੱਤਰ ਪੱਤਰੀ ਪ੍ਰਾਪਤ ਕਰਨ ’ਤੇ ਇਸ ਦੇ ਪੰਨਿਆਂ ਦੀ ਧਿਆਨ ਨਾਲ ਜਾਂਚ ਕਰੋ ਤੇ ਆਂਸਰ ਸ਼ੀਟ ’ਤੇ ਆਪਣਾ ਰੋਲ ਨੰਬਰ, ਵਿਸ਼ਾ ਕੋਡ ਅਤੇ ਹੋਰ ਵੇਰਵੇ ਧਿਆਨ ਨਾਲ ਭਰੋ। ਸੀ. ਬੀ. ਐੱਸ. ਈ. ਨੇ ਚਿਤਾਵਨੀ ਦਿੱਤੀ ਹੈ ਕਿ ਨਕਲ ਕਰਦੇ ਜਾਂ ਵਰਜਿਤ ਚੀਜ਼ਾਂ ਲੈ ਕੇ ਜਾਂਦੇ ਫੜ੍ਹੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚੋਂ ਕੱਢਿਆ ਜਾ ਸਕਦਾ ਹੈ ਤੇ ਭਵਿੱਖ ਦੀਆਂ ਪ੍ਰੀਖਿਆਵਾਂ ਤੋਂ ਵੀ ਰੋਕਿਆ ਜਾ ਸਕਦਾ ਹੈ।
ਇਸ ਵਾਰ ਇਹ ਬਦਲਾਅ 
ਦਸਵੀਂ ਜਮਾਤ ਲਈ ਦੂਜੀ ਬੋਰਡ ਪ੍ਰੀਖਿਆ ਲਈ ਬਦਲ
ਬਾਰ੍ਹਵੀਂ ਜਮਾਤ ਲਈ ਡਿਜੀਟਲ ਮਾਰਕਿੰਗ ਪ੍ਰਕਿਰਿਆ
ਦਸਵੀਂ ਜਮਾਤ ’ਚ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪ੍ਰਸ਼ਨ-ਪੱਤਰਾਂ ਲਈ ਵੱਖਰੇ ਫਾਰਮੈਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News