ਮਾਮਲਾ ਬੱਚੇ ਦੇ ਜਨਮ ਦੌਰਾਨ ਪੇਟ ''ਚ ਕੈਂਚੀ ਰਹਿਣ ਦਾ : ਮ੍ਰਿਤਕ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
Tuesday, Sep 05, 2017 - 04:51 PM (IST)

ਸ੍ਰੀ ਮੁਕਤਸਰ ਸਾਹਿਬ - ਡਿਲਿਵਰੀ ਦੌਰਾਨ ਔਰਤ ਦੇ ਪੇਟ 'ਚ ਕੈਂਚੀ ਰਹਿ ਜਾਣ ਤੋਂ ਬਾਅਦ ਜੱਚਾ-ਬੱਚਾ ਦੀ ਹੋਈ ਮੌਤ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਡਾਕਟਰ ਖਿਲਾਫ ਕਾਨੂੰਨੀ ਕਾਰਵਾਈ ਅਤੇ ਇਨਸਾਫ ਕਰਨ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਦਲਿਤ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਸੂਬੇ ਦੇ ਕੋਆਰਡੀਨੇਟਰ ਅਸ਼ੋਕ ਮਹਿੰਦਰਾ ਨੂੰ ਗੁਹਾਰ ਲਾਈ ਹੈ। ਪਿੰਡ ਧੀਗਾਨਾ ਦੇ ਵਾਸੀ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਸ਼ਰਨਜੀਤ ਕੌਰ ਦੀ ਮੌਤ ਹੋ ਗਈ ਹੈ, ਜਿਸ ਨੇ 15 ਅਗਸਤ ਨੂੰ ਆਪ੍ਰੇਸ਼ਨ ਦੌਰਾਨ ਬੱਚੇ ਨੂੰ ਜਨਮ ਦਿੱਤਾ ਸੀ।
ਜਾਣਕਾਰੀ ਮਿਲੀ ਹੈ ਕਿ ਡਾਕਟਰਾਂ ਵੱਲੋਂ ਕੀਤੇ ਆਪ੍ਰੇਸ਼ਨ ਦੌਰਾਨ ਉਸ ਦੇ ਪੇਟ ਅੰਦਰ ਕੈਂਚੀ ਰਹਿ ਗਈ ਸੀ। ਜਿਸ ਤੋਂ ਬਾਅਦ ਉਸਦੇ ਪੇਟ ਅੰਦਰ ਕਾਫੀ ਦਰਦ ਰਹਿਣ ਲੱਗਾ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਸਿਵਲ ਹਸਪਤਾਲ 'ਚ ਉਸਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਿਤਾ ਨੇ ਦੱਸਿਆ ਕਿ ਅੰਤਿਮ ਸੰਸਕਾਰ ਤੋਂ ਬਾਅਦ ਡਾਕਟਰਾਂ ਦੀ ਕੈਂਚੀ ਮਿਲੀ, ਜਿਸ ਤੋਂ ਸਾਫ ਸਿੱਧ ਹੋ ਗਿਆ ਕਿ ਆਪ੍ਰੇਸ਼ਨ ਦੌਰਾਨ ਕੈਂਚੀ ਪੇਟ 'ਚ ਰਹਿਣ ਕਾਰਨ ਉਸ ਦੀ ਮੌਤ ਹੋਈ ਹੈ।
ਇਸ ਸਬੰਧੀ ਸਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਆ ਕੇ ਕੈਂਚੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਮੌਕੇ ਦਲਿਤ ਪਰਿਵਾਰ ਨੇ ਪੰਜਾਬ ਸੂਬੇ ਦੇ ਕੋਆਰਡੀਨੇਟਰ ਅਸ਼ੋਕ ਮਹਿੰਦਰਾ ਨੇ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਲਦੀ ਹੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ 'ਤੇ ਗੁਰਵਿੰਦਰ ਸਿੰਘ ਜਸਵੰਤ ਸਿੰਘ ਅਤੇ ਗੁਰਨਾਮ ਸਿੰਘ ਆਦਿ ਲੋਕ ਮੌਜੂਦ ਸਨ।