ਕਿਸਾਨਾਂ 'ਤੇ ਲਾਠੀਚਾਰਜ ਲਈ ਖੱਟੜ ਸਰਕਾਰ ਜ਼ਿੰਮੇਵਾਰ, SDM 'ਤੇ ਹੋਵੇ 302 ਦਾ ਪਰਚਾ : ਪ੍ਰਤਾਪ ਬਾਜਵਾ

Tuesday, Aug 31, 2021 - 08:18 PM (IST)

ਬਟਾਲਾ (ਬੇਰੀ) : ਹਰਿਆਣਾ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨਾਲ ਖੱਟੜ ਸਰਕਾਰ ਦਾ ਅਸਲ ਚੇਹਰਾ ਬੇਨਾਕਬ ਹੋਇਆ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਸਰਕਾਰ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਨਗਰ ਸੁਧਾਰ ਟਰੱਸਟ ਦਫਤਰ ਬਟਾਲਾ ਵਿਖੇ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਦੀ ਕੁਰਸੀ ’ਤੇ ਬਿਠਾਉਣ ਉਪਰੰਤ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਆਈ. ਏ. ਐੱਸ. ਅਫਸਰ ਕਮ ਐੱਸ. ਡੀ. ਐੱਮ. ਕਰਨਾਲ ਅਤੇ ਖੱਟੜ ਸਰਕਾਰ ਨੂੰ ਧਾਰਾ 302 ਦੇ ਅਧੀਨ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੱਟੜ ਸਰਕਾਰ ਉਕਤ ਅਧਿਕਰੀ ’ਤੇ ਕਾਰਵਾਈ ਨਹੀਂ ਕਰਦੀ ਤਾਂ ਮੁੱਖ ਮੰਤਰੀ ਖੱਟੜ ਨੂੰ  ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਹੋਇਆ ਪ੍ਰਤਾਪ ਸਿੰਘ ਬਾਜਵਾ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਇਹ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਾਰੀ ਪਾਰਟੀ ਨੂੰ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪੂਰਾ ਭਰੋਸਾ ਹੈ | ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਕਾਂਗਰਸ ਪਾਰਟੀ ਇਕੱਠੀ ਹੋ ਕੇ ਇਨ੍ਹਾਂ ਚੋਣਾਂ ’ਚ ਉਤਰੇ ਤਾਂ ਜੋ 2022 'ਚ ਦੋਬਾਰਾ ਸਰਕਾਰ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਕੁਝ ਮਤਭੇਦ ਜ਼ਰੂਰ ਹੋ ਸਕਦੇ ਹਨ ਪਰ ਇਨ੍ਹਾਂ ਨਾਲ ਪਾਰਟੀ ਨਹੀਂ ਟੁੱਟਦੀ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਜੋ ਪਹਿਲਕਦਮੀ ਕੀਤੀ ਗਈ ਹੈ, ਉਸਦੀ ਉਹ ਸ਼ਲਾਘਾ ਕਰਦੇ ਹਨ |

ਇਹ ਵੀ ਪੜ੍ਹੋ : ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੇ ਫੈਸਲੇ ਦੀ ਢੀਂਡਸਾ ਨੇ ਕੀਤੀ ਆਲੋਚਨਾ 

ਘਰੇਲੂ ਅਤੇ ਉਦਯੋਗਿਕ ਬਿਜਲੀ ਦੇ ਰੇਟਾਂ ਸਬੰਧੀ ਗੱਲਬਾਤ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸਦੇ ਰੇਟ ਘੱਟ ਹੋਣੇ ਚਾਹੀਦੇ ਹਨ ਜਿਸ ਲਈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਜੋ ਵੀ ਸਮਝੌਤੇ ਪਿਛਲੀਆਂ ਸਰਕਾਰਾਂ ਵਲੋਂ ਹੋਏ ਹਨ, ਉਨ੍ਹਾਂ ਦੇ ਵੀ ਦੋਬਾਰਾ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿਚ ਵੀ ਸਰਕਾਰ ਵਲੋਂ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਬੁੱਢਾਪਾ, ਵਿਧਵਾ ਅਤੇ ਵਿਕਲਾਂਗਾਂ ਲਈ ਵੀ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜੋ ਬੱਚੇ ਅੱਜ ਠੇਕੇ ’ਤੇ ਨੌਕਰੀ ਕਰ ਰਹੇ ਹਨ, ਉਨ੍ਹਾਂ ਨੂੰ  ਵੀ ਪੱਕਾ ਕਰਨ ਲਈ ਸਰਕਾਰ ਵਲੋਂ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ |  ਇਸ ਮੌਕੇ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਜੋਗਿੰਦਰਪਾਲ, ਐੱਸ. ਐੱਸ. ਐੱਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਹਾਜ਼ਰ ਸਨ |

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਪੀ. ਟੀ. ਆਈ. ਅਧਿਆਪਕ ਪੁਲਸ ਨੇ ਕੀਤੇ ਨਜ਼ਰਬੰਦ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News