ਟੋਲ ਪਲਾਜ਼ਾ 'ਤੇ ਲੱਗੇ ਸਾਈਨ ਬੋਰਡ ਤੋਂ ਅੰਗਰੇਜ਼ੀ ਮਿਟਾਉਣ ’ਤੇ ਲੱਖਾ ਸਿਧਾਣਾ ਖ਼ਿਲਾਫ਼ ਮਾਮਲਾ ਦਰਜ
Saturday, Nov 05, 2022 - 08:57 PM (IST)
ਤਪਾ ਮੰਡੀ (ਧਰਮਿੰਦਰ ਸਿੰਘ) : ਸਬ-ਡਵੀਜ਼ਨ ਤਪਾ ਮੰਡੀ ਦੇ ਪੁਲਸ ਥਾਣਾ ਸ਼ਹਿਣਾ ਵਿਖੇ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਗੈਂਗਸਟਰ ਤੋਂ ਸਿਆਸੀ ਆਗੂ ਬਣੇ ਲਖਬੀਰ ਸਿੰਘ ਲੱਖਾ ਸਿਧਾਣਾ ਨੂੰ ਬੇਸ਼ੱਕ ਤਕਰੀਬਨ 2 ਮਹੀਨੇ ਪਹਿਲਾਂ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਦਰਜ ਕੇਸ ’ਚੋਂ ਸਰਕਾਰ ਦੀ ਕਾਫੀ ਕਿਰਕਿਰੀ ਹੋਣ ਤੋਂ ਬਾਅਦ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ ਪਰੰਤੂ ਹੁਣ ਫਿਰ ਲੱਖਾ ਸਿਧਾਣਾ ਦੇ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਥਾਣਾ ਸ਼ਹਿਣਾ ਵਿਖੇ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਥਾਣਾ ਸ਼ਹਿਣਾ ਵਿਖੇ ਮੁਕੱਦਮਾ ਨੰਬਰ 74 ਮਿਤੀ 4-11-2022 , ਏ. ਐੱਸ. ਆਈ. ਕਰਮਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਐੱਫ. ਆਈ. ਆਰ. ਮੁਖ਼ਬਰ ਦੀ ਇਤਲਾਹ ਤੋਂ ਬਾਅਦ ਦਰਜ ਹੋਈ ਹੈ।
ਏ.ਐੱਸ.ਆਈ. ਕਰਮਜੀਤ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਟੋਲ ਪਲਾਜ਼ਾ ਜਗਜੀਤਪੁਰਾ ਵਿਖੇ ਕਿਸਾਨ ਯੂਨੀਅਨ ਦਾ ਤਕਰੀਬਨ ਢਾਈ ਮਹੀਨੇ ਤੋਂ ਧਰਨਾ ਚੱਲ ਰਿਹਾ ਹੈ। 2 ਨਵੰਬਰ ਨੂੰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਅਤੇ ਭਗਵਾਨ ਸਿੰਘ ਉਰਫ਼ ਭਾਨਾ ਸਿੱਧੂ ਵਾਸੀ ਕੋਟਦੁੱਨਾ ਨੇ ਆਪਣੇ 10/12 ਨਾਮਾਲੂਮ ਵਿਅਕਤੀਆਂ ਨੂੰ ਨਾਲ ਲੈ ਕੇ ਟੋਲਪਲਾਜ਼ਾ ’ਤੇ ਲੱਗੇ ਧਰਨੇ ’ਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਵਿਤਕਰੇ ਬਾਰੇ ਬੋਲਿਆ ਅਤੇ ਫਿਰ ਟੋਲਪਲਾਜ਼ਾ ’ਤੇ ਲੱਗੇ ਅੰਗਰੇਜ਼ੀ ਵਾਲੇ ਸਾਈਨ ਬੋਰਡਾਂ ਉੱਪਰ ਕਾਲਾ ਰੰਗ ਕਰਕੇ ਉਨ੍ਹਾਂ ਨੂੰ ਖਰਾਬ ਕਰ ਦਿੱਤਾ। ਇਸ ਬਿਆਨ ਦੇ ਆਧਾਰ ’ਤੇ ਪੁਲਸ ਥਾਣਾ ਸ਼ਹਿਣਾ ਵਿਖੇ ਲੱਖਾ ਸਿਧਾਣਾ, ਭਾਨਾ ਸਿੱਧੂ ਤੇ ਉਨ੍ਹਾਂ ਦੇ 10/12 ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਅਧੀਨ ਜੁਰਮ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਕੇਸ ’ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਵਰਣਣਯੋਗ ਹੈ ਕਿ ਲੱਖਾ ਸਿਧਾਣਾ ਖ਼ਿਲਾਫ਼ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਐੱਫ. ਆਈ. ਆਰ. ਨੰਬਰ-75 ਮਿਤੀ -2 ਸਤੰਬਰ 2022 ਨੂੰ ਅਧੀਨ ਜੁਰਮ 386/387/388/389/120 ਬੀ/ 25/54/59 ਅਸਲਾ ਐਕਟ ਤੇ ਐੱਨ.ਡੀ.ਪੀ.ਐੱਸ. ਐਕਟ ਦੀ ਸੈਕਸ਼ਨ 21/29 ਤਹਿਤ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਇਸ ਕੇਸ ’ਚੋਂ ਲੱਖਾ ਸਿਧਾਣਾ ਨੂੰ, ਉਨ੍ਹਾਂ ਦੇ ਸਮੱਰਥਕਾਂ ਵੱਲੋਂ ਪ੍ਰਗਟਾਏ ਤਿੱਖੇ ਵਿਰੋਧ ਤੋਂ ਬਾਅਦ 8 ਅਕਤੂਬਰ 2022 ਨੂੰ ਰਿਪੋਰਟ ਨੰਬਰ 19 ਰਾਹੀਂ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ। ਇਹ ਕੇਸ ਦਰਜ ਹੋਣ ’ਤੇ ਵਿਰੋਧ ਤੋਂ ਬਾਅਦ ਖਾਰਿਜ ਕਰ ਦੇਣ ਕਾਰਣ ‘ਆਪ’ ਸਰਕਾਰ ਦੀ ਭਾਰੀ ਬਦਨਾਮੀ ਹੋਈ ਸੀ। ਹੁਣ ਬਰਨਾਲਾ ਪੁਲਸ ਨੇ ਵੀ ‘ਆਪ’ ਸਰਕਾਰ ਨੂੰ ਇਕ ਉਲਾਂਭਾ ਖੱਟ ਕੇ ਦੇ ਦਿੱਤਾ। ਇਸ ਕੇਸ ਦਾ ਕੀ ਹਸ਼ਰ ਹੋਵੇਗਾ, ਇਹ ਆਉਣ ਵਾਲੇ ਦਿਨਾਂ ’ਚ ਹੀ ਪਤਾ ਲੱਗੇਗਾ। ਸ਼ਹਿਣਾ ਪੁਲਸ ਵੱਲੋਂ ਦਰਜ ਇਸ ਕੇਸ ’ਚ ਵੀ ਹੈਰਾਨ ਕਰਨ ਵਾਲੇ ਤੱਥ ਉੱਭਰ ਕੇ ਸਾਹਮਣੇ ਆਏ ਹਨ। ਟੋਲਪਲਾਜ਼ਾ ’ਤੇ ਚੱਲ ਰਹੇ ਧਰਨੇ ਨੇੜੇ ਹਮੇਸ਼ਾ ਅਹਿਤਿਆਤਨ ਤਾਇਨਾਤ ਪੁਲਸ ਨੂੰ 2 ਨਵੰਬਰ ਨੂੰ ਵਾਪਰੀ ਘਟਨਾ ਬਾਰੇ 2 ਦਿਨ ਬਾਅਦ, ਉਹ ਵੀ ਮੁਖਬਰ ਦੀ ਇਤਲਾਹ ਤੋਂ ਬਾਅਦ ਹੀ ਪਤਾ ਲੱਗਿਆ।