ਪਿਓ-ਪੁੱਤ ਖੁਦਕੁਸ਼ੀ ਮਾਮਲੇ ’ਚ ਸੁਸਾਈਡ ਨੋਟ ’ਚ ਨਾਂ ਆਉਣ ’ਤੇ ਕੈਪਟਨ ਖ਼ਿਲਾਫ਼ ਹੋਵੇ ਕੇਸ ਦਰਜ : ‘ਆਪ’
Sunday, Feb 21, 2021 - 01:43 AM (IST)
ਚੰਡੀਗੜ੍ਹ, (ਸ਼ਰਮਾ)- ਆਮ ਆਦਮੀ ਪਾਰਟੀ ਨੇ ਦਸੂਹਾ ਦੇ ਕਿਸਾਨ ਪਿਓ-ਪੁੱਤ ਵਲੋਂ ਕੈ. ਅਮਰਿੰਦਰ ਸਿੰਘ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਇਕ ਮੁੱਖ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ ਪਿਓ-ਪੁੱਤ (ਜਗਤਾਰ ਸਿੰਘ ਤੇ ਕਿਰਪਾਲ ਸਿੰਘ) ਨੇ ਆਪਣਾ ਜੀਵਨ ਖਤਮ ਕਰ ਲਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਪ੍ਰਗਟਾਇਆ।
‘ਆਪ’ ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਨੋਟ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਹੈ ਕਿ ਉਨ੍ਹਾਂ ਦੀ ਮੌਤ ਦੇ ਲਈ ਕੈ. ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਬਹੁਤ ਹੀ ਦੁੱਖ ਦੀ ਗੱਲ ਹੈ ਜਿਨ੍ਹਾਂ ਸਰਕਾਰਾਂ ਨੇ ਲੋਕਾਂ ਦੇ ਜਿਊਣ ਦਾ ਸਹਾਰਾ ਬਣਨਾ ਸੀ, ਅੱਜ ਉਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਲਈ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਸਹੁੰ ਚੁੱਕੀ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣਗੇ ਪਰ ਕਿਸਾਨ ਦਾ ਕਰਜ਼ਾ ਮੁਆਫ਼ ਨਾ ਹੋਣ ਕਾਰਨ ਕਈ ਕਿਸਾਨ ਬਹੁਤ ਹੀ ਦੁਖਦਾਇਕ ਕਦਮ ਚੁੱਕਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਲੋਂ ਖੁਦਕੁਸ਼ੀ ਨੋਟ ਵਿਚ ਸਾਫ਼ ਤੌਰ ’ਤੇ ਕੈ. ਅਮਰਿੰਦਰ ਸਿੰਘ ਦਾ ਨਾਮ ਲੈਣ ’ਤੇ ਪੁਲਸ ਮੁੱਖ ਮੰਤਰੀ ਖਿਲਾਫ਼ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਮਾਮਲਾ ਦਰਜ ਕਰੇ। ਉਨ੍ਹਾਂ ਕਿਹਾ ਕਿ ਰਾਜਸ਼ਾਹੀ ਮਾਨਸਿਕਤਾ ਵਾਲੇ ‘ਮਹਾਰਾਜੇ’ ਦੇ ਦਿਲ ਵਿਚ ਆਮ ਜਨਤਾ ਪ੍ਰਤੀ ਕੋਈ ਹਮਦਰਦੀ ਨਹੀਂ ਹੈ, ਜਿਸ ਕਾਰਨ ਅੱਜ ਉਸ ਦੇ ਸੂਬੇ ਦੇ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਵਲੋਂ ਲਗਾਏ ਗਏ ਝੂਠੇ ਲਾਰੇ ਅਤੇ ਧੋਖਾਧੜੀ ਹੁਣ ਬੇਨਕਾਬ ਹੋ ਚੁੱਕੀ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਤੁਰੰਤ ਅਸਤੀਫ਼ਾ ਦੇਣ। ਉਨ੍ਹਾਂ ਕੇਂਗਰ ਸਰਕਾਰ ਤੋਂ ਵੀ ਤੁਰੰਤ ਨਵੇਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।