ਮੁਕਤਸਰ ''ਚ ਕਾਂਗਰਸੀਆਂ ਦਾ ਵਧਿਆ ਕਾਟੋ ਕਲੇਸ਼, ਸ਼ਰਨਜੀਤ ਖਿਲਾਫ ਪਰਚਾ
Thursday, Oct 03, 2019 - 02:19 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਕਿਸਾਨ ਮਜ਼ਦੂਰ ਸੈਲ ਦੇ ਆਗੂ ਸ਼ਰਨਜੀਤ ਸੰਧੂ 'ਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਥਾਣਾ ਬਰੀਵਾਲਾ ਵਿਖੇ ਪਿੰਡ ਝਬੇਲਵਾਲੀ ਤੋਂ ਬਲਾਕ ਸੰਮਤੀ ਮੈਂਬਰ ਜਗਮੀਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸੰਧੂ ਦੀ ਪਤਨੀ ਗੁਰਵਿੰਦਰ ਕੌਰ ਬਲਾਕ ਸੰਮਤੀ ਦੀ ਮੈਂਬਰ ਹੈ ਅਤੇ ਬਲਾਕ ਸੰਮਤੀ ਚੇਅਰਮੈਨੀ ਦੀ ਦਾਅਵੇਦਾਰ ਵੀ ਸੀ। ਚੇਅਰਮੈਨੀ ਦੀ ਹੋਈ ਚੋਣ 'ਚ ਮੈਂਬਰਾਂ ਨੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਪਤਨੀ ਬੋਹੜ ਸਿੰਘ ਨੂੰ ਚੇਅਰਪਰਸਨ ਵੀ ਚੁਣ ਲਿਆ। ਉਸ ਨੇ ਦੱਸਿਆ ਕਿ ਸ਼ਰਨਜੀਤ ਸੰਧੂ ਨੂੰ ਸ਼ੱਕ ਸੀ ਕਿ ਮੈਂ ਵੋਟ ਜਸਵਿੰਦਰ ਕੌਰ ਨੂੰ ਪਾਈ ਹੈ, ਜਿਸ ਕਰਕੇ ਉਸ ਨੇ ਚੋਣ ਤੋਂ ਬਾਅਦ ਮੇਰੇ ਮੋਬਾਇਲ ਨੰਬਰ ਤੋਂ ਸੋਸ਼ਲ ਮੀਡੀਆ 'ਤੇ ਮੇਰੇ ਪ੍ਰਤੀ ਅਪਸ਼ਬਦ ਅਪਲੋਡ ਕੀਤੇ, ਜਿਸ ਨਾਲ ਮੇਰੀ ਬਦਨਾਮੀ ਹੋਈ।
ਜਗਮੀਤ ਸਿੰਘ ਦੇ ਇਨ੍ਹਾਂ ਬਿਆਨਾਂ 'ਤੇ ਪੁਲਸ ਨੇ ਸ਼ਰਨਜੀਤ ਸੰਧੂ ਵਿਰੁੱਧ ਆਈ. ਪੀ. ਸੀ. ਦੀ ਧਾਰਾ 499, 500 ਅਤੇ ਆਈ. ਟੀ. ਐਕਟ-67-ਏ ਤਹਿਤ ਮਾਮਲਾ ਦਰਜ ਕਰ ਲਿਆ। ਵਰਨਣਯੋਗ ਹੈ ਕਿ ਬਲਾਕ ਸੰਮਤੀ ਮੈਂਬਰ ਜਗਮੀਤ ਸਿੰਘ ਕਾਂਗਰਸ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ਼ਰਨਜੀਤ ਸੰਧੂ 'ਤੇ ਮਾਮਲਾ ਦਰਜ ਕਰਵਾਇਆ ਹੈ।