ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਛੋਟਾ ਮਸਲਾ ਨਹੀਂ : ਜਥੇ. ਦਾਦੂਵਾਲ
Friday, Jul 27, 2018 - 03:48 AM (IST)
ਬਰਗਾਡ਼ੀ (ਜ. ਬ.)- ‘‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾਡ਼ੀ ਦੀ ਅਨਾਜ ਮੰਡੀ ਵਿਖੇ ਚੱਲ ਰਿਹਾ ‘ਇਨਸਾਫ ਮੋਰਚਾ ਬਰਗਾੜੀ’ ਅੱਜ 56ਵੇਂ ਦਿਨ ਵੀ ਜਾਰੀ ਰਿਹਾ। ਇਸ ਮੋਰਚੇ ’ਚ ਰੋਜ਼ਾਨਾ ਦੀ ਤਰ੍ਹਾਂ ਕੀਰਤਨੀ, ਰਾਗੀ, ਢਾਡੀ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪਿਆਰ ਅਤੇ ਸਨੇਹ ਸੰਗਤਾਂ ਵਿਚ ਬਹੁਤ ਜ਼ਿਆਦਾ ਭਰਿਆ ਹੋਇਆ ਹੈ, ਜਿਸ ਦਾ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਲੱਗੇ ਇਸ ਮੋਰਚੇ ਵਿਚ ਲੱਗਦਾ ਹੈ ਕਿਉਂਕਿ ਇੱਥੇ ਪਹੁੰਚੀਆਂ ਸਿੱਖ ਸੰਗਤਾਂ ’ਚੋਂ ਆਪ ਮੁਹਾਰੇ ਹੋ ਕੇ ਜਥੇਦਾਰ ਧਿਆਨ ਸਿੰਘ ਮੰਡ ਨੂੰ ਬੀਬੀਆਂ ਦਾ ਇਹ ਕਹਿਣਾ ਕਿ ਅਸੀਂ ਪੰਥ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਹਾਂ।’’ਇਹ ਜਾਣਕਾਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੋਰਚਾ ਪਿਛਲੇ 56 ਦਿਨਾਂ ਤੋਂ ਸਫਲਤਾ ਵੱਲ ਵੱਧ ਰਿਹਾ ਹੈ ਅਤੇ ਸੰਗਤਾਂ ਹਰ ਰੋਜ਼ ਵੱਡੀ ਗਿਣਤੀ ’ਚ ਪਹੁੰਚ ਕੇ ਇਨਸਾਫ ਦੀ ਅਾਵਾਜ਼ ਨੂੰ ਬੁਲੰਦ ਕਰਨ ’ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਗੱਲ ਤੋਂ ਸਿੱਧ ਹੋ ਗਿਆ ਹੈ ਕਿ ਕੈਪਟਨ ਬਾਦਲਾਂ ਨਾਲ ਆਪਣੀ ਸਾਂਝ ਨਿਭਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਜੋ ਅੱਜ ਬਿਆਨ ਦਿੱਤਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿਧਾਨ ਸਭਾ ਦੇ ਸੈਸ਼ਨ ਵਿਚ ਪੇਸ਼ ਕੀਤੀ ਜਾਵੇਗੀ। ਇਸ ਸੈਸ਼ਨ ਵਿਚ ਲਗਭਗ 2 ਮਹੀਨਿਅਾਂ ਦਾ ਸਮਾਂ ਬਾਕੀ ਹੈ। ਇਸ ਤਰ੍ਹਾਂ ਕਰ ਕੇ ਉਹ ਇਸ ਜਾਂਚ ਰਿਪੋਰਟ ਨੂੰ ਠੰਡੇ ਬਸਤੇ ਵਿਚ ਪਾਉਣ ਦੇ ਰੌਂਅ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਹੈ, ਜੋ ਕੋਈ ਛੋਟਾ ਮਸਲਾ ਨਹੀਂ ਹੈ। ਅਖੀਰ ’ਚ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੱਖ-ਵੱਖ ਰਾਜਨੀਤਕ, ਧਾਰਮਕ, ਸਮਾਜਕ, ਕਿਸਾਨ ਯੂਨੀਅਨਾਂ, ਪੰਥਕ ਆਗੂਆਂ ਦਾ ਧੰਨਵਾਦ ਕਰਦਿਆਂ ਵਿਦੇਸ਼ਾਂ ’ਚ ਬੈਠੇ ਪੰਥਕ ਦਰਦੀਆਂ ਵੱਲੋਂ ਮੋਰਚੇ ਦੀ ਸਫਲਤਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਬੂਟਾ ਸਿੰਘ ਰਣਸ਼ੀਂਹ ਕੇ, ਪਰਮਜੀਤ ਸਿੰਘ ਸਹੌਲੀ, ਜਗਦੀਪ ਸਿੰਘ ਭੁੱਲਰ, ਮਨਵੀਰ ਸਿੰਘ ਮੰਡ, ਬਲਕਰਨ ਸਿੰਘ ਮੰਡ, ਸੁਖਦੇਵ ਸਿੰਘ ਪੰਜਗਰਾਈਂ, ਜਸਵਿੰਦਰ ਸਿੰਘ ਸਾਹੋਕੇ, ਬੱਲਮ ਸਿੰਘ ਛਾਜਲੀ ਸਰਕਲ ਪ੍ਰਧਾਨ, ਬਾਬਾ ਮੋਹਨਦਾਸ ਬਰਗਾਡ਼ੀ, ਸਾਧੂ ਸਿੰਘ ਧੰਮੂ, ਰਣਜੀਤ ਸਿੰਘ ਪ੍ਰਧਾਨ ਕਬੀਰ ਪੰਥੀ, ਗੁਰਸੇਵਕ ਸਿੰਘ ਜਵਾਹਰ ਕੇ, ਨਾਇਬ ਸਿੰਘ ਢਿੱਲੋਂ, ਜਗਸੀਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਸੰਪਰਦਾਵਾਂ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
ਬਰਗਾਡ਼ੀ ਮੋਰਚੇ ਦੌਰਾਨ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ 4 ਸਾਲਾ ਪੁੱਤਰ ਭੁਝੰਗੀ ਕੁਰਬਾਨ ਸਿੰਘ ਨੇ ਸੰਗਤਾਂ ਨੂੰ ਜ਼ੁਬਾਨੀ ਸਿੱਖ ਇਤਿਹਾਸ ਸੁਣਾਇਆ। ਇਸ ਮੌਕੇ ਕੁਰਬਾਨ ਸਿੰਘ ਨੇ ਸਿੱਖ ਇਤਿਹਾਸ ਸਬੰਧੀ ਪੁੱਛੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਇਹ ਸਭ ਕੁੱਝ ਦੇਖ ਕੇ ਉੱਥੇ ਬੈਠੀਆਂ ਸੰਗਤਾਂ ਜਿੱਥੇ ਹੈਰਾਨ ਸਨ ਕਿ ਇਕ ਛੋਟਾ ਬੱਚਾ ਸਿੱਖ ਇਤਿਹਾਸ ਬਾਰੇ ਇਨ੍ਹਾਂ ਕੁੱਝ ਜਾਣਦਾ ਹੈ ਅਤੇ ਨਾਲ ਹੀ ਉਹਨਾਂ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਜਥੇਦਾਰ ਧਿਆਨ ਸਿੰਘ ਮੰਡ ਨੇ ਇਸ ਭੁਝੰਗੀ ਨੂੰ ਸਨਮਾਨਤ ਕੀਤਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੀ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰ ਇਤਿਹਾਸ ਨਾਲ ਜੋਡ਼ਨਾ ਚਾਹੀਦਾ ਹੈ।
