ਕੁੱਲ੍ਹੜ ਪਿੱਜ਼ਾ ਵਾਲਿਆਂ ’ਤੇ ਦਰਜ ਕੇਸ ਨੂੰ ਲੈ ਕੇ ਮਜੀਠੀਆ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
Friday, Nov 25, 2022 - 07:40 PM (IST)
ਅੰਮ੍ਰਿਤਸਰ (ਬਿਊਰੋ) : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਵਾਲੇ ਜੋੜੇ ’ਤੇ ਕੇਸ ਦਰਜ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਕੁੱਲ੍ਹੜ ਪਿੱਜ਼ਾ ਬਣਾਉਣ ਵਾਲੇ ਸਾਹਿਬਜੀਤ ਸਿੰਘ ਆਪਣੇ ਤੇ ਪਤਨੀ ’ਤੇ ਦਰਜ ਗੰਭੀਰ ਮਾਮਲੇ ਸਬੰਧੀ ਅੱਜ ਮਜੀਠੀਆ ਨੂੰ ਮਿਲਣ ਪਹੁੰਚੇ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਇਕ ਵੀਡੀਓ ’ਚ ਮਹਿਜ਼ ਟੁਆਏ ਗੰਨ ਦਿਖਾਏ ਜਾਣ ’ਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਉਲਟ ਅਸਲ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਪ੍ਰਤੀ ਸਰਕਾਰ ਦੀ ਚੁੱਪੀ ਨਹੀਂ ਟੁੱਟ ਰਹੀ। ਉਨ੍ਹਾਂ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਇਹ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਤੁਲਨ ਵਿਗੜਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇ ਟੁਆਏ ਗੰਨ ਨਾਲ ਹੀ ਪਰਚੇ ਦਰਜ ਹੋਣੇ ਹਨ, ਹੁਣ ਜਿੰਨੇ ਨਿਆਣੇ ਟੁਆਏ ਗੰਨ ਚੁੱਕੀ ਫਿਰਦੇ ਆ, ਕੋਈ ਦੋ ਤੇ ਕੋਈ ਤਿੰਨ ਸਾਲ ਦਾ, ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਰਿਆਂ ’ਤੇ ਪਰਚੇ ਦਰਜ ਕਰਵਾਓਗੇ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਵਿਖੇ ਪਹਿਲੀ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਬਣ ਚੁੱਕੈ ਖੰਡਰ
ਉਨ੍ਹਾਂ ਕਿ ਫਿਰ ਟੁਆਏ ਗੰਨ ਵਿਕਣ ਹੀ ਕਿਉਂ ਦੇ ਰਹੇ ਹੋ, ਉਸ ਦੀ ਸੇਲ ’ਤੇ ਬੈਨ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਗੱਲਾਂ ਦਾ ਅਫ਼ਸੋਸ ਹੈ। ਲਾਅ ਐਂਡ ਆਰਡਰ ਬਹੁਤ ਵੱਡਾ ਇਸ਼ੂ ਹੈ। ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਦਿਨ-ਦਿਹਾੜੇ ਕਤਲ ਹੋ ਰਹੇ ਹਨ। ਮਜੀਠੀਆ ਨੇ ਕਿਹਾ ਕਿ ਇਹ ਜੋੜਾ ਮਿਹਨਤ ਕਰਕੇ ਆਪਣਾ ਕਾਰੋਬਾਰ ਕਰ ਰਿਹਾ ਹੈ, ਸਰਕਾਰ ਨੂੰ ਟੈਕਸ ਪੇਅ ਕਰ ਰਿਹਾ ਹੈ, ਇਨ੍ਹਾਂ ’ਤੇ 188 ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਇਨਸਾਫ਼ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ : ਨੌਸਰਬਾਜ਼ ਨੇ ਵਿਧਾਇਕ ਦੇ ਭਰਾ ਦਾ ਬਣਾਇਆ ਜਾਅਲੀ ਅਕਾਊਂਟ, ਦੋਸਤਾਂ ਕੋਲੋਂ ਪੈਸੇ ਠੱਗਣ ਲਈ ਕੀਤੇ ਮੈਸੇਜ