ਮਾਮਲਾ ਕੋਬਰਾ ਗੈਂਗ ਦੇ ਸਰਗਣਾ ਦਾ, ਨਾਜਾਇਜ਼ ਢੰਗ ਨਾਲ ਵੇਚਦਾ ਸੀ ਸ਼ਰਾਬ ਅਫਰੀਦੀ

Thursday, Mar 21, 2019 - 11:28 AM (IST)

ਮਾਮਲਾ ਕੋਬਰਾ ਗੈਂਗ ਦੇ ਸਰਗਣਾ ਦਾ, ਨਾਜਾਇਜ਼ ਢੰਗ ਨਾਲ ਵੇਚਦਾ ਸੀ ਸ਼ਰਾਬ ਅਫਰੀਦੀ

ਜਲੰਧਰ (ਮ੍ਰਿਦੁਲ) - ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਇਕਬਾਲ ਅਫਰੀਦੀ ਨੂੰ ਕੋਰਟ 'ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਗੈਂਗਸਟਰ ਇਕਬਾਲ ਅਫਰੀਦੀ ਕੋਲੋਂ ਇੰਟੈਲੀਜੈਂਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸਦੀ ਫੰਡਿੰਗ ਅਤੇ ਫਾਇਨਾਂਸ਼ੀਅਲ ਸਟੇਟਸ ਬਾਰੇ ਪਤਾ ਲਾਇਆ ਜਾ ਸਕੇ। ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਸਿਰਫ ਯਾਰੀ ਨਿਭਾਉਣ ਅਤੇ ਹੀਰੋ ਬਣਨ ਲਈ ਗੈਂਗਸਟਰ ਬਣਿਆ ਸੀ ਪਰ ਦੇਖਦਿਆਂ ਹੀ ਦੇਖਦਿਆਂ ਉਸ 'ਤੇ 15 ਸਾਲਾਂ 'ਚ 20 ਕੇਸ ਦਰਜ ਹੋ ਗਏ। ਏ. ਆਈ. ਜੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੈਂਗਸਟਰ ਅਫਰੀਦੀ ਨੇ ਜਾਂਚ 'ਚ ਖੁਲਾਸਾ ਕੀਤਾ ਕਿ ਉਹ ਮਾਝੇ ਦੇ ਕਈ ਪਿੰਡਾਂ ਅਤੇ ਸ਼ਹਿਰਾਂ 'ਚ ਆਪਣੇ ਟਿਕਾਣੇ ਬਣਾ ਰਿਹਾ ਸੀ। ਆਪਣਾ ਖਰਚਾ ਕੱਢਣ ਲਈ ਉਹ ਲੋਕਾਂ ਨੂੰ ਮਾਰਨ ਦੀ ਸੁਪਾਰੀ ਲੈਣ ਦੇ ਨਾਲ-ਨਾਲ ਬੁੱਕੀਆਂ ਅਤੇ ਹੋਰ ਕਈ ਲੋਕਾਂ ਦੇ ਸੰਪਰਕ 'ਚ ਰਹਿੰਦਾ ਸੀ ਤਾਂ ਜੋ ਉਸਦੇ ਰਹਿਣ ਤੇ ਖਾਣ-ਪੀਣ ਦਾ ਖਰਚਾ ਨਿਕਲਦਾ ਰਹੇ। 

ਉਹ ਮਾਝੇ ਤੇ ਦੋਆਬੇ ਦੇ ਕਈ ਨਾਮੀ ਸ਼ਰਾਬ ਠੇਕੇਦਾਰਾਂ ਨਾਲ ਸਾਂਝੇਦਾਰੀ ਕਰ ਕੇ ਉਨ੍ਹਾਂ ਕੋਲੋਂ ਸ਼ਰਾਬ ਦੇ ਧੰਦੇ 'ਚ ਹਿੱਸਾ ਲੈਂਦਾ ਸੀ। ਭਾਵੇਂ ਉਸਦੀ ਦੁਸ਼ਮਣੀ ਹੋਣ ਕਾਰਨ ਉਹ ਆਪਣੇ ਜੱਦੀ ਘਰ 'ਚ ਨਹੀਂ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੇ ਕਈ ਹੋਰ ਗੈਂਗਸਟਰਾਂ ਤੇ ਬਦਮਾਸ਼ਾਂ ਨਾਲ ਲਿੰਕ ਹਨ, ਜੋ ਉਸ ਨੂੰ ਉਸਦੇ ਮੁੱਖ ਦੁਸ਼ਮਣ ਗੈਂਗਸਟਰ ਸਾਹਿਲਪ੍ਰੀਤ ਸਿੰਘ ਦੇ ਗੈਂਗ ਨਾਲ ਜੁੜੇ ਸਾਥੀਆਂ ਬਾਰੇ ਸੂਹਾਂ ਦਿੰਦੇ ਰਹਿੰਦੇ ਹਨ। ਇਕਬਾਲ ਸਿੰਘ ਜੋ ਖਡੂਰ ਸਾਹਿਬ ਤਰਨਤਾਰਨ ਦਾ ਰਹਿਣ ਵਾਲਾ ਹੈ, ਬਾਰੇ ਸੂਚਨਾ ਮਿਲੀ ਸੀ ਕਿ ਉਸਦਾ ਹੈਰੋਇਨ ਸਮੱਗਲਰਾਂ ਨਾਲ ਕੁਨੈਕਸ਼ਨ ਹੈ, ਦੀ ਜਾਂਚ ਇੰਟੈਲੀਜੈਂਸ ਕਰ ਰਹੀ ਹੈ। ਇੰਟੈਲੀਜੈਂਸ ਪਤਾ ਲਾ ਰਹੀ ਹੈ ਕਿ ਦੋਆਬਾ ਤੇ ਮਾਝਾ 'ਚ ਕਿੰਨੇ ਲਾਇਸੈਂਸਡ ਸ਼ਰਾਬ ਵੇਚਣ ਵਾਲਿਆਂ ਨਾਲ ਅਫਰੀਦੀ ਦਾ ਕੁਨੈਕਸ਼ਨ ਹੈ। ਉਸਦੇ ਹਿੱਸੇ ਹੋਣ ਦੇ ਨਾਲ-ਨਾਲ ਉਹ ਠੇਕਿਆਂ ਤੋਂ ਸ਼ਰਾਬ ਚੁੱਕ ਕੇ ਨਾਜਾਇਜ਼ ਤੌਰ 'ਤੇ ਵੇਚ ਰਿਹਾ ਹੈ ਕਿਉਂਕਿ ਅਫਰੀਦੀ ਇਨ੍ਹਾਂ ਠੇਕੇਦਾਰਾਂ ਦੇ ਦਮ 'ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰ ਰਿਹਾ ਸੀ।

ਬੁੱਕੀਆਂ ਨਾਲ ਭਾਈਵਾਲੀ ਦੇ ਦਮ 'ਤੇ ਅਫਰੀਦੀ ਦੇ ਗੈਂਗ ਨੂੰ ਵਿਦੇਸ਼ ਤੋਂ ਵੀ ਫੰਡਿੰਗ ਹੋ ਰਹੀ
ਚੋਣਾਂ ਨੂੰ ਲੈ ਕੇ ਪੈਸੇ ਇਧਰ-ਉਧਰ ਕਰਨ ਲਈ ਅਫਰੀਦੀ ਆਪਣੇ ਗੈਂਗ ਦੇ ਮੈਂਬਰਾਂ ਨਾਲ ਖੁਦ ਵੀ ਕੈਸ਼ ਨੂੰ ਹਵਾਲਾ ਦੇ ਜ਼ਰੀਏ ਕਈ ਟਿਕਾਣਿਆਂ ਤੱਕ ਪਹੁੰਚਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਉਸਨੂੰ ਵਿਦੇਸ਼ਾਂ ਤੋਂ ਵੀ ਫੰਡਿੰਗ ਹੋ ਰਹੀ ਸੀ। ਚੋਣਾਂ ਨੂੰ ਵੇਖਦਿਆਂ ਮਾਝਾ ਤੇ ਦੋਆਬਾ ਦੇ ਬੁੱਕੀ ਰਾਜਸੀ ਆਗੂਆਂ ਨੂੰ ਫੰਡਿੰਗ ਕਰ ਰਹੇ ਹਨ। ਵਿਦੇਸ਼ਾਂ ਤੋਂ ਆਏ ਪੈਸੇ ਨੂੰ ਹਵਾਲਾ ਦੇ ਜ਼ਰੀਏ ਇਧਰ-ਉਧਰ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News