ਲੜਕੀਆਂ ਨੂੰ ਭਜਾਉਣ ਦੇ ਮਾਮਲੇ ''ਚ ਦੋ ਖਿਲਾਫ਼ ਮਾਮਲਾ ਦਰਜ
Thursday, Jan 11, 2018 - 11:10 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਵੱਖ-ਵੱਖ ਮਾਮਲਿਆਂ 'ਚ ਪੁਲਸ ਨੇ ਲੜਕੀਆਂ ਨੂੰ ਭਜਾਉਣ ਦੇ ਦੋਸ਼ 'ਚ 2 ਜਣਿਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਪਹਿਲੇ ਮਾਮਲੇ 'ਚ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ 15 ਸਾਲਾ ਲੜਕੀ ਮੁਕਤਸਰ ਦੇ ਕਾਲਜ 'ਚ ਪੜ੍ਹਨ ਲਈ ਆਉਂਦੀ ਹੈ। ਉਸ ਨਾਲ ਅਕਸਰ ਹੀ ਪਿੰਡ ਚਿੱਬੜਾਂਵਾਲੀ ਦਾ ਬੰਟੀ ਸਿੰਘ ਛੇੜਛਾੜ ਕਰਦਾ ਰਹਿੰਦਾ ਸੀ, ਜਿਸ ਨੂੰ ਉਨ੍ਹਾਂ ਬਹੁਤ ਵਾਰ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਬੀਤੇ ਦਿਨੀਂ ਉਨ੍ਹਾਂ ਦੀ ਲੜਕੀ ਜਦ ਕਾਲਜ ਆਈ ਤਾਂ ਉਹ ਉਸ ਨੂੰ ਉਥੋਂ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਜਦ ਲੜਕੀ ਦੁਪਹਿਰ ਨੂੰ ਘਰ ਨਾ ਪਹੁੰਚੀ ਤਾਂ ਉਨ੍ਹਾਂ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਓਧਰ, ਥਾਣਾ ਸਦਰ ਮੁਖੀ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੋਸ਼ੀ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਥਾਣਾ ਲੰਬੀ ਦੇ ਪਿੰਡ ਭਾਈ ਕਾ ਕੇਰਾਂ 'ਚੋਂ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਨੌਵੀਂ ਕਲਾਸ ਦੀ ਵਿਦਿਆਰਥਣ ਨੂੰ ਉਨ੍ਹਾਂ ਦੇ ਪਿੰਡ 'ਚ ਕੰਮ ਕਰਨ ਵਾਲਾ ਪਿੰਡ ਮਨੀਆਂਵਾਲਾ, ਥਾਣਾ ਸਾਦੁਲ ਸ਼ਹਿਰ (ਰਾਜਸਥਾਨ) ਦਾ ਨਿਵਾਸੀ ਆਤਮ ਸਿੰਘ ਭਜਾ ਕੇ ਲੈ ਗਿਆ, ਜਿਸ ਖਿਲਾਫ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ।