ਮ੍ਰਿਤਕ ਚਾਚੇ ਦੀ ਮੋਟਰ ਜਾਅਲੀ ਦਸਤਾਵੇਜ਼ਾਂ ਰਾਹੀ ਆਪਣੇ ਨਾਂ ਕਰਵਾਉਣ ''ਤੇ ਭਤੀਜੇ ਵਿਰੁੱਧ ਮਾਮਲਾ ਦਰਜ
Thursday, Oct 26, 2017 - 11:22 AM (IST)
ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਠੱਠੀ ਭਾਈ ਨਿਵਾਸੀ ਸਾਧੂ ਸਿੰਘ ਨੇ ਆਪਣੇ ਮ੍ਰਿਤਕ ਚਾਚੇ ਦੀ ਮੋਟਰ ਦਾ ਕੁਨੈਕਸ਼ਨ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਆਪਣੇ ਨਾਂ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੁਖਦਿਆਲ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਪਿੰਡ ਦੁਸਾਂਝ ਨੇ ਦੱਸਿਆ ਕਿ ਬਖਤੌਰ ਸਿੰਘ ਨਿਵਾਸੀ ਪਿੰਡ ਠੱਠੀ ਭਾਈ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਸੀ, ਜਿਸ ਦੀ ਮੌਤ ਸਾਲ 2008 'ਚ ਹੋ ਗਈ ਸੀ। ਉਸ ਦੀ ਪਤਨੀ ਛਿੰਦਰਪਾਲ ਕੌਰ ਅਤੇ ਬੇਟੀ ਗੁਰਮੀਤ ਕੌਰ ਸਾਲ 2016 'ਚ ਕੈਨੇਡਾ ਚਲੀ ਗਈ। ਦੋਸ਼ੀ ਉਸ ਦੇ ਭਤੀਜੇ ਸਾਧੂ ਸਿੰਘ ਪੁੱਤਰ ਜਲੌਰ ਸਿੰਘ ਨੇ ਬਖਤੌਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਨਾਮ 'ਤੇ ਲੱਗੀ ਮੋਟਰ ਦਾ ਕੁਨੈਕਸ਼ਨ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਆਪਣੇ ਨਾਂ ਕਰਵਾ ਲਿਆ, ਜਦੋਂ ਸਾਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸਾਡੀ ਕੋਈ ਗੱਲ ਨਾ ਸੁਣੀ। ਇਸ ਤਰ੍ਹਾਂ ਦੋਸ਼ੀ ਨੇ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਐੱਸ. ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਸਾਧੂ ਸਿੰਘ ਨਿਵਾਸੀ ਪਿੰਡ ਠੱਠੀ ਭਾਈ ਖਿਲਾਫ ਧੋਖਾਦੇਹੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਮਾਲਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
