ਤੇਜ਼ ਰਫ਼ਤਾਰ ਕਾਰ ਦੀ ਫੇਟ ਕਾਰਨ 10 ਸਾਲਾ ਬੱਚੇ ਦੀ ਮੌਤ

Sunday, Jul 28, 2019 - 06:27 PM (IST)

ਤੇਜ਼ ਰਫ਼ਤਾਰ ਕਾਰ ਦੀ ਫੇਟ ਕਾਰਨ 10 ਸਾਲਾ ਬੱਚੇ ਦੀ ਮੌਤ

ਅੱਪਰਾ (ਦੀਪਾ)— ਬੀਤੀ ਸ਼ਾਮ ਲਗਭਗ 4.30 ਵਜੇ ਕਰੀਬੀ ਪਿੰਡ ਭਾਰਸਿੰਘਪੁਰ ਵਿਖੇ ਗੁਜ਼ਰਦੇ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਮੁੱਖ ਮਾਰਗ 'ਤੇ ਇਕ ਅਣਪਛਾਤੀ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਣ ਇਕ 10 ਸਾਲਾ ਪ੍ਰਵਾਸੀ ਬੱਚੇ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਸ਼ਿਵਮ (10) ਦੇ ਪਿਤਾ ਹਰਿੰਦਰ ਵਾਸੀ ਜ਼ਿਲਾ ਮੁਜ਼ੱਫ਼ਰਨਗਰ (ਯੂ.ਪੀ.) ਨੇ ਦੱਸਿਆ ਕਿ ਉਹ ਪਿੰਡ ਭਾਰਸਿੰਘਪੁਰ ਦੇ ਅੱਡੇ 'ਚ ਸਥਿਤ ਗੇਲੀ ਦੇ ਭੱਠੇ 'ਤੇ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰਦੇ ਹਨ। 

ਬੀਤੀ ਸ਼ਾਮ ਉਸਦਾ ਬੇਟਾ ਸ਼ਿਵਮ ਫਿਲੌਰ ਤੋਂ ਨਵਾਂਸ਼ਹਿਰ ਮੁੱਖ ਮਾਰਗ ਦੇ ਕਿਨਾਰੇ ਖੜਾ ਸੀ ਕਿ ਨਵਾਂਸ਼ਹਿਰ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਫੈਦ ਰੰਗ ਦੀ ਅਣਪਛਾਤੀ ਕਾਰ ਨੇ ਉਸਨੂੰ ਭਿਆਨਕ ਫੇਟ ਮਾਰ ਦਿੱਤੀ। ਜਿਸ ਕਾਰਣ ਸ਼ਿਵਮ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐਸ. ਆਈ. ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਗਏ। ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਫਿਲੌਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਸਸਕਾਰ ਕਰ ਦਿੱਤਾ ਗਿਆ ਹੈ। ਲਸਾੜਾ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਦਿਆਂ ਅਣਪਛਾਤੀ ਕਾਰ ਤੇ ਡਰਾਈਵਰ ਦੀ ਭਾਲ ਸ਼ੂਰੂ ਕਰ ਦਿੱਤੀ ਹੈ।


author

Gurminder Singh

Content Editor

Related News