ਕੈਪਟਨ ਜੀ, ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚੁੱਕੀ ਸਹੁੰ ਤਾਂ ਪੂਰੀ ਕਰਨੀ ਪਵੇਗੀ
Thursday, Aug 03, 2017 - 07:58 AM (IST)

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦਾ ਪੂਰਾ ਕਰਜ਼ਾ ਪੰਜਾਬ ਦੇ ਸੋਮਿਆਂ ਅਤੇ ਸਾਧਨਾਂ ਰਾਹੀਂ ਮੁਆਫ ਕੀਤੇ ਜਾਣ ਤੋਂ ਅਸਮਰੱਥ ਜਤਾਏ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਇਸ ਢੰਗ ਨਾਲ ਚੁੱਕੀ ਸਹੁੰ ਤੋਂ ਭੱਜ ਨਹੀਂ ਸਕਦਾ ਜਿਸ ਕਰ ਕੇ ਕੈਪਟਨ ਨੂੰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ਼ ਕਰਨੇ ਹੀ ਪੈਣਗੇ। ਰਾਜੇਵਾਲ ਨੇ ਕਿਹਾ ਕਿ ਤੁਸੀਂ ਤਾਂ ਕਿਸਾਨਾਂ ਦੇ ਘਰਾਂ ਵਿਚ ਜਾ ਕੇ ਕਰਜ਼ਾ ਮੁਆਫੀ ਦੇ ਫਾਰਮ ਵੀ ਭਰਵਾਏ ਸਨ। ਜੇ ਹੁਣ ਤੁਸੀਂ ਕਰਜ਼ੇ ਮੁਆਫ ਨਾ ਕੀਤੇ ਤਾਂ ਇਹ ਸਿੱਖ ਰਵਾਇਤਾਂ ਦੀ ਉਲੰਘਣਾ ਮੰਨੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਖੁਦ ਜਾਰੀ ਕੀਤਾ ਸੀ। ਇਸ ਲਈ ਕੋਈ ਵੀ ਆਦਮੀ ਇਹ ਮੰਨਣ ਲਈ ਤਿਆਰ ਨਹੀਂ ਕਿ ਉਨ੍ਹਾਂ ਨੂੰ ਪੰਜਾਬ ਦੇ ਸਰੋਤਾਂ ਅਤੇ ਸੋਮਿਆਂ ਦੀ ਸਮਝ ਨਹੀਂ ਸੀ। ਜੇਕਰ ਕੈਪਟਨ ਅਮਰਿੰਦਰ ਸਿੰਘ ਕਰਜ਼ੇ ਮੁਆਫ ਕਰਨ ਤੋਂ ਭੱਜਦੇ ਹਨ ਤਾਂ ਉਨ੍ਹਾਂ ਨੂੰ ਸਿੱਖੀ ਰਵਾਇਤਾਂ ਅਨੁਸਾਰ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਸਹੁੰ ਨਹੀਂ ਚੁੱਕਣੀ ਚਾਹੀਦੀ ਸੀ। ਰਾਜੇਵਾਲ ਨੇ ਕਿਹਾ ਕੈਪਟਨ ਸਰਕਾਰ ਡਾ. ਟੀ. ਹੱਕ ਕਮੇਟੀ ਦੀਆਂ ਆਮ ਅਤੇ ਭੋਲੇ ਕਿਸਾਨਾਂ ਨਾਲ ਮੀਟਿੰਗਾਂ ਕਰਵਾ ਕੇ ਆਪਣੇ ਵਾਅਦੇ ਤੋਂ ਭੱਜਣ ਲਈ ਬਹਾਨੇ ਲੱਭ ਰਹੀ ਹੈ।