ਅਮਰਿੰਦਰ ਸਰਕਾਰ 20 ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ
Thursday, Jun 08, 2017 - 06:30 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 14 ਤੋਂ 23 ਜੂਨ ਤਕ ਹੋਵੇਗਾ, ਜਿਸ ਦੌਰਾਨ ਅਮਰਿੰਦਰ ਸਰਕਾਰ ਆਪਣਾ ਪਹਿਲਾ ਸਾਲਾਨਾ ਬਜਟ 20 ਜੂਨ ਨੂੰ ਪੇਸ਼ ਕਰੇਗੀ। ਇਹ ਫੈਸਲਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਇਕ ਮੀਟਿੰਗ 'ਚ ਲਿਆ ਗਿਆ।ਮੀਟਿੰਗ ਮਗਰੋਂ ਇਕ ਅਧਿਕਾਰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ 14 ਜੂਨ ਤੋਂ 23 ਜੂਨ ਤਕ ਵਿਧਾਨ ਸਭਾ ਦਾ ਦੂਜਾ ਸੈਸ਼ਨ ਬੁਲਾਉਣ ਲਈ ਪੰਜਾਬ ਦੇ ਗਵਰਨਰ ਨੂੰ ਸਿਫਾਰਿਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਤਰੀ ਪ੍ਰੀਸ਼ਦ ਵਲੋਂ ਪ੍ਰਵਾਨ ਕੀਤੇ ਗਏ ਪ੍ਰੋਗਰਾਮ ਮੁਤਾਬਿਕ ਬਜਟ ਸੈਸ਼ਨ ਦੀ ਸ਼ੁਰੂਆਤ 14 ਜੂਨ ਨੂੰ ਬਾਅਦ ਦੁਪਹਿਰ 2 ਵਜੇ ਸਵ. ਨੇਤਾਵਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਹੋਵੇਗੀ ਅਤੇ 23 ਜੂਨ ਨੂੰ ਇਸ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਏਗਾ। ਗਵਰਨਰ ਦੇ ਭਾਸ਼ਣ 'ਤੇ ਚਰਚਾ 16 ਜੂਨ ਅਤੇ 19 ਜੂਨ ਨੂੰ ਹੋਵੇਗੀ।