ਦੇਸ਼ ''ਚ ਕਿਸਾਨ ਕਰਜ਼ਾ ਮੁਆਫੀ ਲਈ ਮੋਦੀ ਕੇਂਦਰ-ਰਾਜ ਕਮੇਟੀ ਦਾ ਕਰਨ ਗਠਨ : ਅਮਰਿੰਦਰ

Monday, Jun 18, 2018 - 05:42 AM (IST)

ਦੇਸ਼ ''ਚ ਕਿਸਾਨ ਕਰਜ਼ਾ ਮੁਆਫੀ ਲਈ ਮੋਦੀ ਕੇਂਦਰ-ਰਾਜ ਕਮੇਟੀ ਦਾ ਕਰਨ ਗਠਨ : ਅਮਰਿੰਦਰ

ਜਲੰਧਰ (ਧਵਨ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੇਂਦਰ-ਰਾਜ ਕਮੇਟੀ ਦਾ ਗਠਨ ਕਰਨ ਲਈ ਕਿਹਾ ਹੈ।  ਐਤਵਾਰ ਦਿੱਲੀ 'ਚ ਨੀਤੀ ਆਯੋਗ ਦੀ ਬੈਠਕ 'ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਉਪਰ ਖੇਤੀ  ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਕੇਂਦਰ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਮੁਆਫ ਕਰਨਾ ਚਾਹੀਦਾ ਹੈ। ਉਨ੍ਹਾਂ ਖੇਤੀਬਾੜੀ ਖੇਤਰ ਨੂੰ ਲੈ ਕੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢੇ ਜਾਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਫੈਡਰਲ ਢਾਂਚੇ 'ਚ ਇਸ ਸਮੇਂ ਸੂਬਿਆਂ ਕੋਲ ਆਰਥਿਕ ਸੋਮੇ ਸੀਮਤ ਹਨ। ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਦੇਖਦਿਆਂ ਕੇਂਦਰੀ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਵੱਡੀ ਪੱਧਰ 'ਤੇ ਮਨਾਇਆ ਜਾ ਸਕੇ। ਉਨ੍ਹਾਂ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਦੀ ਸ਼ਤਾਬਦੀ ਨੂੰ ਦੇਖਦਿਆਂ ਵੀ ਕੇਂਦਰ ਤੋਂ ਮਦਦ ਮੰਗੀ। ਕੈਪਟਨ ਨੇ ਕਿਹਾ ਕਿ 2019 ਦਾ ਸਾਲ ਪੂਰੇ ਦੇਸ਼ ਲਈ ਇਕ ਇਤਿਹਾਸਕ ਸਾਲ ਹੈ। ਇਸੇ ਸਾਲ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਨ ਵੀ ਆ ਰਿਹਾ ਹੈ। ਅਜਿਹੇ ਪ੍ਰੋਗਰਾਮਾਂ ਨੂੰ ਮਿਲ ਕੇ ਮਨਾਉਣ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਮੂਲ ਢਾਂਚਾ ਵਿਕਸਤ ਕਰਨ ਲਈ 'ਵਨ ਟਾਈਮ ਸਪੈਸ਼ਲ ਵਿਕਾਸ ਪੈਕੇਜ' ਦੀ ਮੰਗ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਜੁੜੇ ਹੋਣ ਕਾਰਨ ਸਰਹੱਦੀ ਖੇਤਰਾਂ 'ਚ ਲੋੜੀਂਦਾ ਵਿਕਾਸ ਨਹੀਂ ਹੋ ਰਿਹਾ ਹੈ। ਉਨ੍ਹਾਂ ਨੀਤੀ ਆਯੋਗ ਦੇ ਪਲੇਟਫਾਰਮ ਨੂੰ ਇਕ ਆਦਰਸ਼ ਪਲੇਟਫਾਰਮ ਦੱਸਦਿਆਂ ਕਿਹਾ ਕਿ ਇਥੇ ਆ ਕੇ ਸੂਬਾਈ ਸਰਕਾਰਾਂ ਕੇਂਦਰ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਹੱਦੀ ਬੈਲਟ ਦੇ 30 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਉਦਯੋਗਾਂ ਨੂੰ ਟੈਕਸਾਂ ਤੋਂ ਛੋਟ ਦਿੱਤੀ ਜਾਵੇ। ਸਰਹੱਦੀ ਖੇਤਰਾਂ ਦੀਆਂ ਸੜਕਾਂ ਦੀ ਸੇਵਾ-ਸੰਭਾਲ ਲਈ ਵੀ ਕੇਂਦਰ ਨੂੰ ਵਿਸ਼ੇਸ਼ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ।
ਪੰਜਾਬ ਦੇ ਦਰਿਆਵਾਂ ਦੀ ਸੰਭਾਲ ਲਈ ਵੀ ਵਿਸ਼ੇਸ਼ ਕੇਂਦਰੀ ਮਦਦ ਦੀ ਲੋੜ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਜਿਥੇ ਪੂਰੇ ਦੇਸ਼ ਦਾ ਪੇਟ ਭਰਦਾ ਹੈ, ਉਥੇ ਦੇਸ਼ ਦੀ ਸੁਰੱਖਿਆ ਵਿਚ ਵੀ ਅਹਿਮ ਯੋਗਦਾਨ ਪਾਉਂਦਾ ਹੈ, ਇਸ ਲਈ ਪੰਜਾਬ ਦੇ ਕਿਸਾਨਾਂ ਦਾ ਵੀ ਪੂਰਾ ਕਰਜ਼ਾ ਮੁਆਫ ਕਰਨ ਦਾ ਭਾਰ ਕੇਂਦਰ ਸਰਕਾਰ ਨੂੰ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦਿੱਲੀ ਤੋਂ ਕਟੜਾ ਤੱਕ ਐਕਸਪ੍ਰੈੱਸ ਵੇਅ ਦੀ ਉਸਾਰੀ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਬੇਰੋਜ਼ਗਾਰੀ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਤੌਰ 'ਤੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰ ਰਹੀ ਹੈ।


Related News