ਤੁਹਾਡਾ ਕਿਵੇਂ ਸਹਿਯੋਗ ਲਈਏ, ਤੁਸੀਂ ਹੀ ਪੰਜਾਬ ''ਚ ਨਸ਼ਿਆਂ ਲਈ ਜ਼ਿੰਮੇਵਾਰ : ਅਮਰਿੰਦਰ

Sunday, Jul 08, 2018 - 06:40 AM (IST)

ਤੁਹਾਡਾ ਕਿਵੇਂ ਸਹਿਯੋਗ ਲਈਏ, ਤੁਸੀਂ ਹੀ ਪੰਜਾਬ ''ਚ ਨਸ਼ਿਆਂ ਲਈ ਜ਼ਿੰਮੇਵਾਰ : ਅਮਰਿੰਦਰ

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਬਾਦਲ ਵਲੋਂ ਨਸ਼ਿਆਂ ਤੇ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮੁੱਦਿਆਂ ਦਾ ਗੈਰ-ਸਿਆਸੀਕਰਨ ਕਰਨ ਦੇ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਖੀ ਨੇ ਇਹ ਸਿਆਸੀ ਚਾਲ ਖੇਡੀ ਹੈ ਤਾਂ ਜੋ ਜਨਤਾ ਦਾ ਧਿਆਨ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਦਸ ਸਾਲਾਂ ਦੇ ਮਾੜੇ ਰਾਜ ਤੋਂ ਹਟਾ ਸਕੇ। ਮੁੱਖ ਮੰਤਰੀ ਨੇ ਬਿਆਨ ਵਿਚ ਕਿਹਾ ਕਿ ਸੁਖਬੀਰ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਨਸ਼ਿਆਂ ਦੇ ਮਾਮਲੇ ਵਿਚ ਉੱਚੀ ਨੈਤਿਕਤਾ ਦੀ ਮਿਸਾਲ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਦੋਂ ਕਿ ਹਕੀਕਤ ਇਹ ਹੈ ਕਿ ਜਨਤਾ ਉਨ੍ਹਾਂ ਨੂੰ ਮੁਆਫ ਕਰਨ ਦੇ ਮੂਡ ਵਿਚ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਸਾਬਕਾ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਸਰਕਾਰ ਦੇ ਸਮੇਂ ਕਿਸੇ ਵੀ ਮੁੱਦੇ 'ਤੇ ਸਰਬ ਸੰਮਤੀ ਬਣਾਉਣ ਜਾਂ ਕਾਂਗਰਸ  ਕੋਲੋਂ ਨਸ਼ਿਆਂ ਦੇ ਮਾਮਲੇ ਵਿਚ ਸਹਿਯੋਗ ਲੈਣ ਦੀ ਇਕ ਵੀ ਉਦਾਹਰਣ ਪੇਸ਼ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕਿਸੇ ਵੀ ਪਾਰਟੀ ਜਾਂ ਉਸ ਦੀ ਲੀਡਰਸ਼ਿਪ ਕੋਲੋਂ ਸਲਾਹ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅੱਜ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉਸ ਦੇ ਲਈ ਸਾਬਕਾ ਅਕਾਲੀ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਅਕਾਲੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਹੋਣ ਦੇ ਨਾਤੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਤੇ ਅਧਿਕਾਰੀਆਂ ਦੀ ਮਦਦ ਨਾਲ ਹਰੇਕ ਸਮੱਸਿਆ ਦਾ ਹੱਲ ਕਰਨ ਵਿਚ ਸਮਰੱਥ ਹਨ।  ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੱਡੇ ਗੈਂਗਸਟਰਾਂ ਦਾ ਖਾਤਮਾ ਕਰ ਦਿੱਤਾ ਹੈ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਹਾਲ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵਲੋਂ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਹੋਰ ਪਾਰਟੀਆਂ ਦੀ ਸਲਾਹ ਲੈਣ ਦੇ ਦਿੱਤੇ ਗਏ ਮਸ਼ਵਰੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਅਜਿਹਾ ਕਰ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ, ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਚੱਲ ਰਹੇ ਮੌਜੂਦਾ ਹਾਲਾਤ ਲਈ ਅਕਾਲੀ ਦਲ ਹੀ ਜ਼ਿੰਮੇਵਾਰ ਹੈ।
ਕੈਪਟਨ ਨੇ ਕਿਹਾ ਕਿ ਅਕਾਲੀ ਹੁਣ ਪੰਜਾਬ ਦੀ ਜਨਤਾ ਨੂੰ ਮੂਰਖ ਨਹੀਂ ਬਣਾ ਸਕਦੇ। ਜਨਤਾ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ 10 ਸਾਲਾਂ ਤਕ ਜਿਨ੍ਹਾਂ ਰਾਜਸੀ ਆਗੂਆਂ ਦਾ ਰਾਜ ਰਿਹਾ ਉਨ੍ਹਾਂ ਵਿਚ ਸੂਝਬੂਝ ਦੀ ਘਾਟ ਸੀ ਤੇ ਉਹ ਆਪਣੀ ਸਰਕਾਰ ਦੀਆਂ ਨਾਕਾਮੀਆਂ ਕਾਂਗਰਸ ਦੇ ਮੱਥੇ ਮੜ੍ਹਨਾ ਚਾਹੁੰਦੇ ਹਨ। ਸੁਖਬੀਰ ਵਲੋਂ ਪਿਛਲੇ ਡੇਢ ਸਾਲ ਵਿਚ ਨਸ਼ਿਆਂ ਦੇ ਮਾਮਲੇ ਵਿਚ ਇਕ ਵੀ ਅਕਾਲੀ ਦੀ ਗ੍ਰਿਫਤਾਰੀ ਨਾ ਹੋਣ ਦੀ ਮਿਸਾਲ ਦਿੱਤੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਵਿਚ ਭਰੋਸਾ ਨਹੀਂ ਰੱਖਦੀ।


Related News