ਕੈਪਟਨ ਨੇ ਮੌਜੂਦਾ ਸੰਕਟ ਨੂੰ ਲੈ ਕੇ ਬਾਦਲ ਤੇ ਢੀਂਡਸਾ ਸਮੇਤ ਕਈ ਸੀਨੀਅਰ ਆਗੂਆਂ ਨਾਲ ਕੀਤੀ ਗੱਲਬਾਤ

Wednesday, Apr 08, 2020 - 08:14 PM (IST)

ਕੈਪਟਨ ਨੇ ਮੌਜੂਦਾ ਸੰਕਟ ਨੂੰ ਲੈ ਕੇ ਬਾਦਲ ਤੇ ਢੀਂਡਸਾ ਸਮੇਤ ਕਈ ਸੀਨੀਅਰ ਆਗੂਆਂ ਨਾਲ ਕੀਤੀ ਗੱਲਬਾਤ

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸੂਬੇ 'ਚ ਪੈਦਾ ਹੋਏ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਅੱਜ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਤੇ ਗੱਲਬਾਤ ਕੀਤੀ। ਇਸ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸੀ. ਪੀ. ਆਈ. ਅਤੇ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਸੂਬੇ ਨੂੰ ਸਮਾਨ ਹਾਲਾਤ ਵੱਲ ਲਿਜਾਣ ਦੇ ਸੰਬੰਧ 'ਚ ਚਰਚਾ ਕੀਤੀ। ਮੁੱਖ ਮੰਤਰੀ ਨੇ ਇਸ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਆ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨਸਭਾ 'ਚ ਵਿਰੋਧੀ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀ. ਪੀ. ਆਈ. ਦੇ ਹਰਦੇਵ ਸਿੰਘ ਅਰਸ਼ੀ ਦੇ ਨਾਲ ਵੱਖ-ਵੱਖ ਵੀਡੀਓ ਕਾਲ ਕਰਕੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਵੀ ਗੱਲਬਾਤ ਕੀਤੀ।

ਇਸ ਦੌਰਾਨ ਸਾਰੇ ਪਾਰਟੀ ਆਗੂਆਂ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਨੂੰ ਆਪਣੇ ਵਲੋਂ ਪੂਰਾ ਸਮਰਥਨ ਦਿੱਤਾ ਅਤੇ ਉਹ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਸਹਿਮਤ ਸਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸੂਬੇ 'ਚ ਸਰਕਾਰੀ ਮਸ਼ੀਨਰੀ ਦੀ ਮਾਫਰਤ 'ਤੇ ਹੋਰ ਜ਼ਿਆਦਾ ਖਾਧ ਸਮੱਗਰੀ ਦੇ ਪੈਕੇਟ ਪ੍ਰਭਾਵਿਤ ਲੋਕਾਂ ਨੂੰ ਵੰਡਣ 'ਤੇ ਜੋਰ ਦਿੱਤਾ। ਮੁੱਖ ਮੰਤਰੀ ਨੇ ਸਾਰੇ ਵਿਰੋਧੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਕਰਫਿਊ ਨੂੰ ਅੱਗੇ ਵਧਾਉਣ ਲਈ ਪਾਰਟੀ ਵਲੋਂ ਪੂਰੇ ਅਧਿਕਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪਾਰਟੀ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਫੈਸਲਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਸਾਵਧਾਨ ਹੈ ਕਿਉਂਕਿ ਵਿਸ਼ਵ ਭਰ ਦੇ ਆਂਕੜੇ ਅਜੇ ਤਕ ਚੰਗੇ ਨਹੀਂ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਭਾਰਤ ਅਜੇ ਤਕ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਿਹਤਰ ਚੱਲ ਰਿਹਾ ਹੈ ਕਿਉਂਕਿ ਦੇਸ਼ 'ਚ ਪਹਿਲਾਂ ਹੀ ਲਾਕਡਾਊਨ ਤੇ ਕਰਫਿਊ ਲਗਾ ਦਿੱਤਾ ਗਿਆ ਸੀ ਪਰ ਅਜੇ ਜੋਖ਼ਮ ਉਠਾਉਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਧਾਇਕਾਂ ਦੇ ਨਾਲ ਵੀਡੀਓ ਕਾਨਫਰਸਿੰਗ ਜ਼ਰੀਏ ਗੱਲਬਾਤ ਕੀਤੀ ਅਤੇ ਕੋਰੋਨਾ ਨੂੰ ਲੈ ਕੇ ਨਵੇਂ ਹਾਲਾਤ ਨਾਲ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਨਿਜ਼ਾਮੁਦੀਨ ਤੋਂ ਪਰਤੇ ਤਬਲੀਗੀ ਜਮਾਤ ਦੇ ਲੋਕਾਂ ਕਾਰਣ ਪੰਜਾਬ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸ ਅਚਾਨਕ ਵਧੇ ਹਨ ਕਿਉਂਕਿ ਨਿਜ਼ਾਮੁਦੀਨ ਤੋਂ ਪਰਤਣ ਵਾਲੇ ਤਬਲੀਗੀ ਜਮਾਤ ਦੇ ਲੋਕਾਂ ਦੀ ਗਿਣਤੀ 573 ਸੀ, ਜਿਨ੍ਹਾਂ 'ਚੋਂ ਅਜੇ 38 ਨੂੰ ਲੱਭਣਾ ਬਾਕੀ ਹੈ। ਫਤਿਹ ਬਾਜਵਾ ਨੇ ਆਪ੍ਰਵਾਸੀ ਭਾਰਤੀਆਂ 'ਚ ਪਾਏ ਜਾ ਰਹੇ ਸਹਿਮ ਦਾ ਮੁੱਦਾ ਚੁੱਕਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰਵਾਸੀ ਪੰਜਾਬੀਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ ਪਰ ਉਨ੍ਹਾਂ ਨੂੰ ਸੂਬੇ ਦੇ ਹਿੱਤਾਂ ਨੂੰ ਦੇਖਦੇ ਹੋਏ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ।

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਰਾਣਾ ਕੇ. ਪੀ. ਸਿੰਘ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਵਲੋਂ ਮੌਜੂਦਾ ਸੰਕਟ 'ਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਨਾਲ ਖੜੀ ਹੈ। ਵਿਧਾਨ ਸਭਾ ਪ੍ਰਧਾਨ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਜਾਨ ਬਚਾਉਣ ਲਈ ਜੋ ਵੀ ਕਦਮ ਚੁੱਕੇ ਜਾਣਗੇ, ਉਸ ਦਾ ਉਹ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦੇਸ਼ 'ਚ ਸਭ ਤੋਂ ਪਹਿਲਾਂ ਕਰਫਿਊ ਲਗਾ ਕੇ ਕੋਰੋਨਾ ਵਾਇਰਸ ਨੂੰ ਕੰਟਰੋਲ 'ਚ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ। ਮੁੱਖ ਮੰਤਰੀ ਨੇ ਦੂਜੇ ਪਾਸੇ ਪਾਰਟੀ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ, ਜਿਸ 'ਚ ਵਿਧਾਇਕਾਂ ਨੇ ਕਿਹਾ ਕਿ ਡਰਾਈ ਰਾਸ਼ਣ ਦੀ ਮੰਗ ਅਤੇ ਅਪੂਰਤੀ 'ਚ ਅੰਤਰ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ 'ਚ ਕੁੱਝ ਦੇਰੀ ਇਸ ਲਈ ਹੋਈ ਕਿਉਂਕਿ ਮਾਰਕਫੈਡ ਤੋਂ ਦਾਲ ਦੀ ਸਪਲਾਈ ਪੂਰੀ ਨਹੀਂ ਆ ਰਹੀ ਸੀ ਪਰ ਹੁਣ ਸਥਿਤੀ ਠੀਕ ਹੈ। ਸਰਕਾਰ ਨੇ 10 ਲੱਖ ਡਰਾਈ ਦੇ ਬੈਗ ਵੰਡਣੇ ਹਨ, ਜਿਨ੍ਹਾਂ 'ਚੋਂ 6 ਲੱਖ ਤਿਆਰ ਹੋ ਚੁਕੇ ਹਨ। ਮੁੱਖ ਮੰਤਰੀ ਸਾਹਮਣੇ ਜਿਥੇ ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਸਿੰਘ ਗਿੱਲ, ਸੰਗਤ ਸਿੰਘ ਗਿਲਜੀਆਂ, ਪਰਮਿੰਦਰ ਸਿੰਘ ਪਿੰਕੀ, ਕੁਲਜੀਤ ਸਿੰਘ ਨਾਗਰਾ, ਦਲਵੀਰ ਸਿੰਘ ਗੋਲਡੀ ਤੇ ਹੋਰ ਵਿਧਾਇਕਾਂ ਨੇ ਵੀ ਜਨਤਾ ਨਾਲ ਜੁੜੇ ਮਾਮਲੇ ਚੁੱਕੇ, ਉਥੇ ਹੀ ਰਾਜਾ ਵੜਿੰਗ ਨੇ ਕਿਹਾ ਕਿ ਡੇਰਿਆਂ ਦੀ ਸਰਕਾਰ ਨੂੰ ਹੋਰ ਮਦਦ ਲੈਣੀ ਚਾਹੀਦੀ ਹੈ।


author

Deepak Kumar

Content Editor

Related News