ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਦਿਨਾਂ ਲਈ ਹੋਏ ਕੁਆਰੰਟਾਈਨ
Friday, Aug 28, 2020 - 10:03 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ 7 ਦਿਨਾਂ ਦੇ ਲਈ ਸੈਲਫ ਕੁਆਰੰਟਾਈਨ ਕਰ ਲਿਆ ਹੈ। ਦੱਸਣਯੋਗ ਹੈ ਕਿ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਉਹ ਵਿਧਾਇਕ ਕੁਲਬੀਰ ਜ਼ੀਰਾ ਨੂੰ ਮਿਲੇ ਸੀ, ਜੋ ਹੁਣ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਕੁਲਬੀਰ ਜ਼ੀਰਾ ਦੇ ਨਾਲ ਨਿਰਮਲ ਸਿੰਘ ਸ਼ੁਤਰਾਣਾ ਵੀ ਕੋਰੋਨਾ ਪਾਜ਼ੇਟਿਵ ਪਾਏ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਡਾਕਟਰਾਂ ਦੇ ਕਹਿਣ 'ਤੇ ਅਤੇ ਸਰਕਾਰ ਦੀਆਂ ਗਾਈਡਲਾਈਨ 'ਤੇ ਖੁਦ ਨੂੰ 7 ਦਿਨਾਂ ਲਈ ਸੈਲਫ ਕੁਆਰੰਟਾਈਨ ਕਰਨਗੇ।
ਵਿਧਾਨ ਸਭਾ ਸੈਸ਼ਨ 'ਚ ਐਂਟਰੀ ਲਈ ਸਾਰੇ ਵਿਧਾਇਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਜਿਸ 'ਚ ਤਕਰੀਬਨ 31 ਵਿਧਾਇਕ ਕੋਰੋਨਾ ਪਾਜ਼ੇਟਿਵ ਨਿਕਲੇ ਸਨ।ਦੱਸ ਦੇਈਏ ਕਿ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ 'ਚ ਮੌਜੂਦ ਸ਼ੁਤਰਾਣਾ ਨੂੰ ਬੁਖਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਬਾਹਰ ਆ ਕੇ ਕੋਰੋਨਾ ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਧਰ ਜ਼ੀਰਾ ਨੇ ਸੈਸ਼ਨ ਤੋਂ ਪਹਿਲਾਂ ਆਪਣਾ ਕੋਰੋਨਾ ਰੈਪਿਡ ਟੈਸਟ ਕਰਵਾਇਆ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਉਸੇ ਰਿਪੋਰਟ ਦੇ ਆਧਾਰ 'ਤੇ ਜ਼ੀਰਾ ਨੂੰ ਅੱਜ ਸੈਸ਼ਨ 'ਚ ਐਂਟਰੀ ਮਿਲ ਗਈ ਸੀ ਪਰ ਜ਼ੀਰਾ ਦੀ ਦੂਜੀ ਕੋਰੋਨਾ ਰਿਪੋਰਟ ਹੁਣ ਪਾਜ਼ੇਟਿਵ ਪਾਈ ਗਈ ਹੈ।