ਕੈਪਟਨ ਅਮਰਿੰਦਰ ਸਿੰਘ ਵੱਲੋਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼

Wednesday, Aug 05, 2020 - 11:47 PM (IST)

ਕੈਪਟਨ ਅਮਰਿੰਦਰ ਸਿੰਘ ਵੱਲੋਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ, ਜੋ ਕਿ ਯੁਵਕ ਸੇਵਾਵਾਂ, ਖੇਡ ਵਿਭਾਗ ਤੇ 'ਯੁਵਾਹ'- ਜੋ ਕਿ ਯੂਨੀਸੈਫ, ਯੂ. ਐਨ. ਏਜੰਸੀਆਂ, ਸਿਵਲ ਸੁਸਾਇਟੀ ਦੇ ਸੰਗਠਨਾਂ ਅਤੇ ਨਿੱਜੀ ਖੇਤਰ ਦਾ ਉਦਮ ਹੈ, ਦੀ ਸਾਂਝੀ ਕੋਸ਼ਿਸ਼ ਹੈ। ਇਸ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ 'ਪੰਜਾਬ ਦਾ ਮਾਣ' ਦੇ ਲਾਂਚ ਮੌਕੇ ਪੰਜਾਬ ਦੇ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਲਈ ਸਰਵੋਤਮ ਮੌਕੇ ਮੁਹੱਈਆ ਕਰਵਾਉਣ 'ਤੇ ਕੇਂਦਰਿਤ ਇਸ ਪ੍ਰਾਜੈਕਟ ਤਹਿਤ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਭਾਈਚਾਰੇ ਵਿਚ ਬਦਲਾਅ ਦੇ ਦੂਤ ਬਣਨ ਅਤੇ ਇਸ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਆਪਣੇ ਜੀਵਨ ਦਾ ਮਕਸਦ ਹਾਸਲ ਕਰਵਾਉਣ ਲਈ ਮਦਦ ਕੀਤੀ ਜਾਵੇਗੀ। ਇਸ ਉਦਮ ਦੀ ਸ਼ੁਰੂਆਤ ਯੂ-ਰਿਪੋਰਟ ਦੀ ਮਦਦ ਨਾਲ ਕੀਤੇ ਜਾਣ ਵਾਲੇ ਇੱਕ ਸਰਵੇਖਣ ਤੋਂ ਕੀਤੀ ਜਾਵੇਗੀ, ਜਿਸ 'ਚ ਯੁਵਾਹ ਅਤੇ ਯੂਨੀਸੈਫ ਵੀ ਮਦਦਗਾਰ ਹੋਣਗੇ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਦਰਪੇਸ਼ ਚੁਣੌਤੀਆਂ ਦੀ ਸੁਣਵਾਈ ਕਰਦੇ ਹੋਏ ਉਨ੍ਹਾਂ ਦੀਆਂ ਇੱਛਾਵਾਂ ਜਾਨਣ ਦੀ ਕੋਸ਼ਿਸ਼ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਨੌਜਵਾਨ ਵਰਗ ਲਈ ਰੁਜ਼ਗਾਰ ਮੁਹੱਈਆ ਕਰਨ ਅਤੇ ਉਨ੍ਹਾਂ ਅੰਦਰ ਲੁਕੀ ਉੱਦਮਤਾ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਪੰਜਾਬ ਸਰਕਾਰ, ਯੂ.ਐਨ. ਏਜੰਸੀਆਂ, ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਸੰਗਠਨਾਂ ਵੱਲੋਂ ਗੰਭੀਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਯੁਵਾਹ ਸਾਂਝੇਦਾਰੀ ਵੱਲੋਂ ਆਪਣੇ ਕੈਰੀਅਰ ਗਾਈਡੈਂਸ ਪੋਰਟਲ ਜ਼ਰੀਏ ਹੁਣ ਤੱਕ ਪੂਰੇ ਭਾਰਤ ਵਿਚ 15 ਮਿਲੀਅਨ ਨੌਜਵਾਨਾਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਮੌਕੇ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਗਈ ਹੈ ਅਤੇ ਛੇਤੀ ਹੀ ਇਹ ਸੁਵਿਧਾ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਹਾਸਲ ਹੋਵੇਗੀ।

ਮੁੱਖ ਮੰਤਰੀ ਨੇ ਰੁਜ਼ਗਾਰ ਉਤਪੱਤੀ ਨੂੰ ਆਪਣੀ ਸਰਕਾਰ ਦੀ ਇੱਕ ਬੇਹੱਦ ਅਹਿਮ ਪਹਿਲ ਦੱਸਦੇ ਹੋਏ ਕਿਹਾ ਕਿ ਇਸ ਰਾਹੀਂ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਸੂਬੇ ਦੇ ਨੌਜਵਾਨਾਂ ਲਈ ਲੱਖਾਂ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਤਾਲਾਬੰਦੀ ਦੌਰਾਨ ਵੀ 13 ਹਜ਼ਾਰ ਨੌਕਰੀਆਂ ਅਤੇ 22 ਹਜ਼ਾਰ ਸਵੈ-ਰੁਜ਼ਗਾਰ ਦੇ ਵਸੀਲੇ ਸੂਬੇ ਦੇ ਨੌਜਵਾਨਾਂ ਨੂੰ ਉਪਲਬੱਧ ਕਰਵਾਏ ਗਏ ਸਨ। 7ਵੇਂ ਰੁਜ਼ਗਾਰ ਮੇਲੇ ਸਬੰਧੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਚਾਲੂ ਹੈ ਅਤੇ ਇਸ ਰੁਜ਼ਗਾਰ ਮੇਲੇ ਤੋਂ 50 ਹਜ਼ਾਰ ਨੌਕਰੀਆਂ ਸਿਰਜੇ ਜਾਣ ਦੀ ਉਮੀਦ ਹੈ। ਪੰਜਾਬ ਦੇ ਆਰਥਿਕ ਵਿਕਾਸ ਲਈ ਉਦਯੋਗੀਕਰਨ, ਜਿਸ ਦੀ ਦੌੜ ਵਿਚ ਆਪਣੀ ਵੰਡ ਦੌਰਾਨ ਸੂਬਾ ਆਪਣਾ ਉਦਯੋਗਿਕ ਖੇਤਰ ਹਰਿਆਣਾ ਹੱਥੋਂ ਗੁਆ ਬੈਠਿਆ ਸੀ, ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਮਾਹੌਲ ਵਿਚ ਪੰਜਾਬ ਦੇ ਉਦਯੋਗਾਂ ਨੂੰ ਆਪਣੇ ਪੈਰੀਂ ਕਰਨ ਲਈ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਵੀ ਉਪਰਾਲੇ ਕਰ ਰਹੀ ਹੈ। ਇਸ ਮੌਕੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਹਾਜ਼ਰ ਸਨ।

 


author

Deepak Kumar

Content Editor

Related News