ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ, ਇਸ ਐਤਵਾਰ ਨੂੰ ਨਹੀਂ ਲੱਗੇਗਾ ਕਰਫਿਊ
Saturday, Sep 12, 2020 - 02:07 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਵਾਰ 13 ਸਤੰਬਰ ਦਿਨ ਐਤਵਾਰ ਨੂੰ ਸੂਬੇ 'ਚ ਕੋਈ ਕਰਫਿਊ ਨਹੀਂ ਲੱਗੇਗਾ ਪਰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਾਲਾਂਕਿ ਸੂਬਾ ਸਰਕਾਰ ਨੇ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਕਰਫਿਊ ਲਾਇਆ ਹੋਇਆ ਹੈ ਪਰ ਇਸ ਐਤਵਾਰ ਰੁਕਾਵਟ ਰਹਿਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਦਿੱਤੀ ਜਾਵੇਗੀ।
ਫੇਸਬੁੱਕ 'ਤੇ ਕੈਪਟਨ ਨੂੰ ਸਵਾਲ ਲਾਈਵ ਸੈਸ਼ਨ ਦੌਰਾਨ ਅਬੋਹਰ ਦੇ ਇੱਕ ਵਸਨੀਕ ਦੁਆਰਾ ਪ੍ਰਗਟਾਏ ਗਏ ਖਦਸ਼ੇ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਕੋਈ ਔਕੜ ਪੇਸ਼ ਨਹੀਂ ਆਵੇਗੀ। ਮੁਕਤਸਰ ਦੇ ਇੱਕ ਨਿਵਾਸੀ ਵੱਲੋਂ ਕੀਤੀ ਸ਼ਿਕਾਇਤ ਕਿ ਸੰਤ ਬਾਬਾ ਗੁਰਮੁੱਖ ਸਿੰਘ ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆਨਲਾਈਨ ਸਿੱਖਿਆ ਸਮੂਹ ਵਿੱਚੋਂ ਇੱਕ ਵਿਦਿਆਰਥੀ ਨੂੰ ਫੀਸ ਅਦਾ ਨਾ ਕਰਨ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਹੀ ਡਿਪਟੀ ਕਮਿਸ਼ਨਰ ਨੂੰ ਇਹ ਮਸਲਾ ਸੁਲਝਾਉਣ ਦੇ ਨਿਰਦੇਸ਼ ਦੇ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਦੀ ਧੀ ਨੂੰ ਹੁਣ ਕਲਾਸਾਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਕੂਲਾਂ ਵੱਲੋਂ ਕੀਤੀ ਜਾ ਰਹੀ ਅਜਿਹੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਨੂੰ ਸਪੱਸ਼ਟ ਹਦਾਇਤਾਂ ਹਨ ਕਿ ਕੋਵਿਡ ਸੰਕਟ ਦੇ ਚਲਦਿਆਂ ਫੀਸ ਦੀ ਅਦਾਇਗੀ ਨਾ ਕਰਨ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਹਟਾਇਆ ਨਾ ਜਾਵੇ। ਪਟਿਆਲਾ ਦੇ ਇੱਕ ਨਿਵਾਸੀ ਵੱਲੋਂ ਪਿੰਡ ਘੱਗਾ ਵਿਖੇ ਇੱਕ ਪੌਲੀਟੈਕਨਿਕ ਕਾਲਜ ਸਥਾਪਤ ਕੀਤੇ ਜਾਣ ਦੀ ਲੰਬਿਤ ਪਈ ਤਜਵੀਜ਼ ਬਾਰੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਘੱਗਾ ਵਿਖੇ ਇੱਕ ਆਈ.ਟੀ.ਆਈ. ਦੀ ਸਥਾਪਨਾ ਹਿੱਤ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਸੂਬੇ ਭਰ ਵਿਚ ਸਥਾਪਤ ਕੀਤੀਆਂ ਜਾਣ ਵਾਲੀਆਂ 19 ਆਈ.ਟੀ.ਆਈਜ਼ ਦੀ ਤਜਵੀਜ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਸਥਾਨਕ ਸਰਕਾਰ ਵਿਭਾਗ ਨੂੰ ਘੱਗਾ ਦੀ ਆਈ.ਟੀ.ਆਈ. ਸਬੰਧੀ ਛੇਤੀ ਹੀ ਮਨਜ਼ੂਰੀ ਦੇਣ ਲਈ ਨਿਰਦੇਸ਼ ਦੇਣਗੇ। ਮਲੋਟ ਦੇ ਇੱਕ ਵਸਨੀਕ ਵੱਲੋਂ ਮਹਾਰਾਜਾ ਰਣਜੀਤ ਸਿੰਘ ਕਾਲਜ, ਜਿਸ ਦਾ ਪ੍ਰਬੰਧਨ ਅਕਾਲੀ ਗੁੰਡਿਆਂ ਵੱਲੋਂ ਬੀਤੀ ਹਕੂਮਤ ਦੌਰਾਨ ਕਥਿਤ ਤੌਰ 'ਤੇ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਸੀ, ਬਾਰੇ ਕੀਤੀ ਬੇਨਤੀ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਇਸ ਮਸਲੇ ਦੀ ਜਾਂਚ ਅਤੇ ਜਲਦ ਤੋਂ ਜਲਦ ਰਿਪੋਰਟ ਦੇਣ ਲਈ ਕਹਿਣਗੇ।