ਕੈਪਟਨ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

Thursday, Jun 27, 2019 - 11:11 PM (IST)

ਕੈਪਟਨ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਸ ਦੌਰਾਨ ਅਮਿਤ ਸ਼ਾਹ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਤੇ ਜੰਮੂ ਕਸ਼ਮੀਰ 'ਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਵਿਸਥਾਰਤ ਰਣਨੀਤੀ ਘੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਸ਼ਾਹ ਨੇ ਮੁੱਖ ਮੰਤਰੀ ਕੋਲ ਇਸ ਗੱਲ ਦਾ ਖੁਲਾਸਾ ਕੀਤਾ। ਕੈਪਟਨ ਨੇ ਨਸ਼ਿਆਂ ਦੀ ਅਲਾਮਤ 'ਤੇ ਕਾਬੂ 
ਪਾਉਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਨੂੰ ਦੁਹਰਾਇਆ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਲਈ ਕੇਂਦਰ ਸਰਕਾਰ ਵਲੋਂ ਸਹਿਯੋਗ ਕਰਨ ਬਦਲੇ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਿਆਂ ਨਾਰਕੋਟਿਕ ਕੰਟਰੋਲ ਬਿਓਰੋ ਦੇ ਹੋਰ ਅਧਿਕਾਰੀ ਪੰਜਾਬ 'ਚ ਤਾਇਨਾਤ ਕਰਨ ਦੀ ਮੰਗ ਕੀਤੀ ਜਿਨਾਂ 'ਚ ਆਈ. ਜੀ. ਪੱਧਰ ਦੇ ਇਕ ਅਧਿਕਾਰੀ ਨੂੰ ਚੰਡੀਗੜ ਤੇ ਡੀ. ਆਈ. ਜੀ. ਪੱਧਰ ਦੇ ਇਕ ਅਧਿਕਾਰੀ ਨੂੰ ਅੰਮ੍ਰਿਤਸਰ 'ਚ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ। 


ਮੁੱਖ ਮੰਤਰੀ ਨੇ ਰਾਵੀ ਦਰਿਆ 'ਤੇ ਪੁਲ ਦੀ ਉਸਾਰੀ ਲਈ ਪਾਕਿਸਤਾਨ 'ਤੇ ਜ਼ੋਰ ਪਾਉਣ ਵਾਸਤੇ ਸ਼ਾਹ ਨੂੰ ਅਪੀਲ ਕੀਤੀ ਤਾਂ ਕਿ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਕਿਸੇ ਵੀ ਰੁੱਤ 'ਚ ਬਿਨਾਂ ਕਿਸੇ ਦਿੱਕਤ ਦੇ ਜਾਣ ਦੀ ਸਹੂਲਤ ਮੁਹੱਈਆ ਹੋ ਸਕੇ। ਦੋਵਾਂ ਮੁਲਕਾਂ ਵੱਲੋਂ ਆਪੋ-ਆਪਣੇ ਹਿੱਸੇ 'ਚ ਬਣਾਏ ਜਾ ਰਹੇ ਪੁਲਾਂ ਦਰਮਿਆਨ ਪਾਕਿਸਤਾਨ ਕਾਜ਼ਵੇਅ ਦਾ ਨਿਰਮਾਣ ਕਰਨ ਲਈ ਬਜ਼ਿੱਦ ਹੈ, ਜਿਸ ਕਰਕੇ ਰਾਵੀ ਦਰਿਆ 'ਤੇ ਸੰਪਰਕ ਜੋੜਨ ਦਾ ਕੰਮ ਰੁਕਿਆ ਹੋਇਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਪ੍ਰਸਤਾਵਿਤ ਕਾਜ਼ਵੇਅ ਮਾਨਸੂਨ ਸੀਜ਼ਨ ਦੌਰਾਨ ਪਾਣੀ 'ਚ ਰੁੜ ਜਾਵੇਗਾ। ਜਿਸ ਨਾਲ ਇਸ ਇਤਿਹਾਸਕ ਲਾਂਘੇ ਰਾਹੀਂ ਗੁਜ਼ਰਦੇ ਰਸਤੇ 'ਚ ਰੁਕਾਵਟਾਂ ਪੈਦਾ ਹੋਣਗੀਆਂ।  ਮੁੱਖ ਮੰਤਰੀ ਵਲੋਂ ਕੀਤੀ ਅਪੀਲ ਦੇ ਜਵਾਬ 'ਚ ਸ਼ਾਹ ਨੇ ਪੰਜਾਬ ਦੀਆਂ ਅਤਿ ਸੁਰੱਖਿਅਤ ਜੇਲਾਂ ਲਈ ਆਈ. ਆਰ. ਬੀ. ਨਾਲ ਕੇਂਦਰੀ ਫੋਰਸ ਦੀਆਂ ਤਿੰਨ ਕੰਪਨੀਆਂ ਦਾ ਵਟਾਂਦਰਾ ਕਰਨ ਦੀ ਸਹਿਮਤੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਪੁਲਸ ਦੇ ਆਧੁਨਿਕੀਕਰਨ 'ਤੇ ਜ਼ੋਰ ਦਿੰਦਿਆਂ ਗ੍ਰਹਿ ਮੰਤਰੀ ਨੂੰ ਐਮ.ਪੀ.ਐਫ. ਸਕੀਮ ਤਹਿਤ ਫੰਡ ਮੁਹੱਈਆ ਕਰਾਉਣ ਦੀ ਅਪੀਲ ਕੀਤੀ।


Related News