ਕੈਪਟਨ ਨੇ ਕੇਂਦਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਧੋਖਾ : ਸੁਖਬੀਰ

10/23/2020 10:34:41 PM

ਚੰਡੀਗੜ੍ਹ,(ਅਸ਼ਵਨੀ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਤੋਂ ਬਾਅਦ ਹੁਣ ਇਸ ਧੋਖੇ ਨੂੰ ਇਕ ਪ੍ਰਾਪਤੀ ਵਜੋਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ 'ਰੇਲ ਰੋਕੋ' ਅੰਦੋਲਨ ਨੂੰ ਰੋਕਣ ਲਈ ਕੇਂਦਰ ਨਾਲ ਮਿਲੀਭੁਗਤ ਕੀਤੀ ਸੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਧੋਖੇ ਦਾ ਖੁਲਾਸਾ ਹੋਣ ਤੇ ਇਹ ਸਾਬਤ ਹੋਣ ਕਿ ਉਹ ਕੇਂਦਰ ਨਾਲ ਰਲੇ ਹੋਏ ਸਨ, ਉਹ ਹਾਲੇ ਵੀ ਆਪਣੀਆਂ ਅਸਫਲਤਾਵਾਂ ਦਾ ਦੋਸ਼ ਦੂਜਿਆਂ ਸਿਰ ਮੜ੍ਹਨ ਦੀ ਕੋਸ਼ਿਸ਼ ਵਿਚ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਹਿਲਾਂ ਵੀ ਮੁੱਖ ਮੰਤਰੀ ਨੇ ਇਸੇ ਤਰ੍ਹਾਂ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦਾ ਕੇਸ ਕੀਤਾ ਸੀ ਕਮਜ਼ੋਰ
ਬਾਦਲ ਨੇ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਦੇਣ ਅਤੇ ਪੰਜਾਬੀਆਂ ਨੂੰ ਇਹ ਦੱਸਣ ਲਈ ਕਿਹਾ ਕਿ ਉਨ੍ਹਾਂ ਨੇ ਸਾਂਝੀ ਸੂਚੀ ਦੇ ਵਿਸ਼ੇ ਤਹਿਤ ਬਿੱਲ ਕਿਉਂ ਪੇਸ਼ ਕੀਤਾ ਜਿਸ ਲਈ ਕੇਂਦਰ ਦੀ ਮਨਜ਼ੂਰੀ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੀ ਇਹ ਸਪੱਸ਼ਟ ਸੰਕੇਤ ਨਹੀਂ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲੇ ਹੋਏ ਹਨ? ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਕਾਲੀ ਦਲ ਤੋਂ ਸਲਾਹ ਲੈ ਸਕਦੇ ਸਨ ਤੇ ਸੂਬੇ ਦੇ ਵਿਸ਼ੇ 'ਤੇ ਕਾਨੂੰਨ ਲਿਆ ਕੇ ਸਾਰੇ ਸੂਬੇ ਨੂੰ ਇਕ ਸਰਕਾਰੀ ਮੰਡੀ ਬਣਾ ਕੇ 3 ਖੇਤੀ ਕਾਨੂੰਨਾਂ ਦਾ ਅਸਰ ਖਤਮ ਕਰ ਸਕਦੇ ਸਨ ਪਰ ਉਨ੍ਹਾਂ ਨੇ ਵਪਾਰ ਦੇ ਵਿਸ਼ੇ 'ਤੇ ਬਿੱਲ ਪੇਸ਼ ਕੀਤਾ ਜਿਸ ਵਿਚ ਅੰਤਿਮ ਫੈਸਲਾ ਕੇਂਦਰ ਦੇ ਹੱਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਗੰਭੀਰ ਵਿਸ਼ਿਆਂ 'ਤੇ ਗੱਲ ਕਰਦਿਆਂ ਹਲਕੀ ਬਿਆਨਬਾਜ਼ੀ ਕਰਨ ਦੀ ਥਾਂ ਤੱਥਾਂ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿਹੜੇ ਬਿੱਲ ਪੇਸ਼ ਕੀਤੇ ਉਹ ਸਿਰਫ ਐਕਟਾਂ ਵਿਚ ਸੋਧਾਂ ਸਨ, ਜਿਨ੍ਹਾਂ ਨੇ ਪੰਜਾਬ ਦਾ ਕੇਸ ਉਸੇ ਤਰੀਕੇ ਕਮਜ਼ੋਰ ਕਰ ਦਿੱਤਾ ਹੈ, ਜਿਸ ਤਰੀਕੇ ਦਰਿਆਈ ਪਾਣੀ ਸਮਝੌਤੇ ਦੇ ਐਕਟ ਵੇਲੇ ਕੀਤਾ ਸੀ ਤੇ ਤੁਸੀਂ ਹੀ ਰਾਜਸਥਾਨ ਤੇ ਹਰਿਆਣਾ ਦਾ ਕੇਸ ਮਜ਼ਬੂਤ ਕੀਤਾ ਸੀ।

ਤੁਸੀਂ ਕਿਸਾਨਾਂ ਨਾਲ ਬਿੱਲ ਬਾਰੇ ਝੂਠ ਬੋਲਿਆ
ਉਨ੍ਹਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬਿੱਲ ਬਾਰੇ ਆਪਣੇ ਮੰਤਰੀਆਂ ਸਮੇਤ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਤੁਸੀਂ ਝੂਠ ਬੋਲਿਆ ਕਿ ਬਿੱਲ ਕਿਸਾਨ ਜਥੇਬੰਦੀਆਂ ਨਾਲ ਸਲਾਹ ਕਰ ਕੇ ਪੇਸ਼ ਕੀਤੇ ਹਨ, ਜਦਕਿ ਕਿਸਾਨਾਂ ਨੇ ਤੁਹਾਡੇ ਦਾਅਵੇ ਦਾ ਖੰਡਨ ਕੀਤਾ ਹੈ। ਇਸੇ ਤਰੀਕੇ ਤੁਸੀਂ ਇਹ ਵੀ ਦਾਅਵਾ ਕੀਤਾ ਕਿ ਵਿਸ਼ੇਸ਼ ਸੈਸ਼ਨ ਦੀ ਕੋਈ ਜ਼ਰੂਰਤ ਨਹੀਂ ਪਰ ਜਦੋਂ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਤਾਂ ਤੁਸੀਂ ਸੈਸ਼ਨ ਵੀ ਸੱਦ ਲਿਆ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਸੀ ਕਿ ਜੋ ਬਿੱਲ ਤੁਸੀਂ ਵਿਧਾਨ ਸਭਾ ਵਿਚ ਪੇਸ਼ ਕੀਤੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੇਗੀ ਪਰ ਇਸ ਦੇ ਬਾਵਜੂਦ ਤੁਸੀਂ ਬਿੱਲ ਪੇਸ਼ ਕੀਤੇ ਤੇ ਇਨ੍ਹਾਂ ਦੇ ਉਲਟ ਸਾਰੀਆਂ ਸਲਾਹਾਂ ਨੂੰ ਅਣਡਿੱਠ ਕੀਤਾ ਕਿਉਂਕਿ ਤੁਸੀਂ ਪੰਜਾਬ ਦੇ ਹਿੱਤ ਕੇਂਦਰ ਦੇ ਹੱਥ ਵਿਚ ਵੇਚਣ ਦਾ ਫੈਸਲਾ ਕੀਤਾ ਸੀ।


 


Deepak Kumar

Content Editor

Related News