ਕੈਪਟਨ ਨੇ ਮਾਲੀਆ ਵਿਭਾਗ ਨੂੰ ਆਮਦਨ ਵਧਾਉਣ ਦੇ ਦਿੱਤੇ ਨਿਰਦੇਸ਼

01/08/2020 7:35:42 PM

ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੀਆ ਵਿਭਾਗ ਨੂੰ ਆਪਣੀ ਆਮਦਨ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਹੁਣੇ ਜਿਹੇ ਹੀ ਮਿਊਂਸਪਲ ਬਾਇਲਾਜ਼ ਨੂੰ ਸੌਖਾ ਬਣਾਉਣ ਸਬੰਧੀ ਲਏ ਗਏ ਫੈਸਲਿਆਂ ਸਬੰਧੀ ਮੁੱਖ ਮੰਤਰੀ ਨੇ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਬੈਠਕ ਕਰ ਕੇ ਜਿਥੇ ਤਹਿਸੀਲਾਂ 'ਚ ਹੋਰ ਸੁਧਾਰਾਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ। ਉਥੇ ਉਨ੍ਹਾਂ ਇਹ ਗੱਲ ਵੀ ਕਹੀ ਕਿ ਤਹਿਸੀਲਾਂ 'ਚ ਪਾਰਦਰਸ਼ੀ ਢੰਗ ਨਾਲ ਕੰਮਕਾਜ ਲਾਗੂ ਕਰਵਾਉਣ ਲਈ ਹੋਰ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।

ਮੁੱਖ ਮੰਤਰੀ ਵਲੋਂ ਮਾਲ ਮੰਤਰੀ ਨਾਲ ਕੀਤੀ ਗਈ ਬੈਠਕ ਸਮੇਂ ਕੁਝ ਅਧਿਕਾਰੀ ਵੀ ਮੌਜੂਦ ਸਨ। ਕੈਪਟਨ ਨੇ ਕਿਹਾ ਕਿ ਆਮ ਲੋਕਾਂ ਨੂੰ ਤਹਿਸੀਲਾਂ 'ਚ ਰਜਿਸਟਰੀਆਂ ਕਰਵਾਉਣ ਅਤੇ ਹੋਰਨਾਂ ਕੰਮਾਂ ਲਈ ਰੋਜ਼ਾਨਾ ਆਉਣਾ ਪੈਂਦਾ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਥੇ ਪ੍ਰਸ਼ਾਸਨਿਕ ਸੁਧਾਰ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਵੀ ਤਹਿਸੀਲਾਂ 'ਚ ਸੁਧਾਰ ਲਾਗੂ ਕਰਨ ਲਈ ਜ਼ੋਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ ਤਹਿਸੀਲਾਂ 'ਚ ਇਹ ਸੁਧਾਰ ਲਾਗੂ ਕਰਨ। ਬੈਠਕ ਦੌਰਾਨ ਮੁੱਖ ਮੰਤਰੀ ਨੇ ਸੂਬੇ 'ਚ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗੜ ਨਾਲ ਚਰਚਾ ਕੀਤੀ ਅਤੇ ਇਸ ਸਾਲ ਅਪਣਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ।


Related News