ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਰਾਤਰੀ ਭੋਜ ਦੇ ਸੱਦੇ ''ਚ ਕਈ ਵਿਧਾਇਕ ਰਹੇ ਗੈਰ-ਹਾਜ਼ਰ

Monday, Mar 09, 2020 - 11:45 PM (IST)

ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਰਾਤਰੀ ਭੋਜ ਦੇ ਸੱਦੇ ''ਚ ਕਈ ਵਿਧਾਇਕ ਰਹੇ ਗੈਰ-ਹਾਜ਼ਰ

ਜਲੰਧਰ,(ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਬਣੇ 3 ਸਾਲ ਹੋ ਗਏ ਹਨ ਪਰ ਇਨ੍ਹਾਂ ਸਾਲਾਂ ਵਿਚ ਅਫਸਰਸ਼ਾਹੀ ਇਸ ਕਦਰ ਹਾਵੀ ਰਹੀ ਕਿ ਕਾਂਗਰਸ ਵਿਧਾਇਕ ਅਤੇ ਵਰਕਰ ਤਾਂ ਦੂਰ, ਕਈ ਮਾਮਲਿਆਂ 'ਚ ਮੰਤਰੀਆਂ ਤਕ ਨੂੰ ਸ਼ਰੇਆਮ ਅਧਿਕਾਰੀਆਂ ਹੱਥੋਂ ਰੁਸਵਾਈ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਕਾਂਗਰਸੀ ਵਿਧਾਇਕਾਂ 'ਚ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਲੈ ਕੇ ਅਸੰਤੋਸ਼ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਣ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਵਿਧਾਇਕਾਂ ਤੇ ਸੀਨੀਅਰ ਨੇਤਾਵਾਂ ਵਿਚਕਾਰ ਪੈਦਾ ਹੋ ਰਹੀ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਕਾਂਗਰਸ ਦੇ ਅੰਦਰੂਨੀ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਜਿਹੜੇ ਵਿਧਾਇਕ ਪਹਿਲਾਂ ਮੁੱਖ ਮੰਤਰੀ ਨੂੰ ਮਿਲਣ ਲਈ ਤਰਸਦੇ ਸਨ ਅਤੇ ਕਈ ਜੁਗਾੜ ਲਾਉਂਦੇ ਰਹਿੰਦੇ ਸਨ ਕਿ ਕਿਸੇ ਤਰ੍ਹਾਂ ਉਨ੍ਹਾਂ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਜਾਵੇ ਪਰ 2022 ਦੇ ਨੇੜੇ ਆਉਂਦੇ-ਆਉਂਦੇ ਹਾਲਾਤ ਬਿਲਕੁਲ ਉਲਟ ਹੋਣ ਲੱਗੇ ਹਨ ਅਤੇ ਵਿਧਾਇਕਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਜਾਦੂ ਉਤਰਨ ਲੱਗਾ ਹੈ। ਪਿਛਲੇ ਹਫਤੇ ਮੁੱਖ ਮੰਤਰੀ ਨੇ ਆਪਣੇ ਸਿਸਵਾਂ ਸਥਿਤ ਫਾਰਮ ਹਾਊਸ 'ਚ ਵਿਧਾਇਕਾਂ ਨੂੰ ਰਾਤਰੀ ਭੋਜ ਦਾ ਸੱਦਾ ਦਿੱਤਾ ਸੀ ਪਰ ਇਸ ਭੋਜ 'ਚ ਸੱਦੇ 80 ਵਿਧਾਇਕਾਂ 'ਚੋਂ ਅੱਧੇ ਕਾਂਗਰਸੀ ਵਿਧਾਇਕ ਗੈਰ ਹਾਜ਼ਰ ਰਹੇ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦੇ ਇਸ ਰਾਤਰੀ ਭੋਜ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਵੀ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਕੈਂਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪਰਗਟ ਸਿੰਘ, ਜੋ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਕਾਰਣ ਕਾਫੀ ਚਰਚਾ 'ਚ ਵੀ ਰਹੇ, ਨੇ ਵੀ ਰਾਤਰੀ ਭੋਜ ਤੋਂ ਆਪਣੀ ਦੂਰੀ ਰੱਖੀ। ਇਨ੍ਹਾਂ ਨੇਤਾਵਾਂ ਦੀ ਆਪਣੇ ਹੀ ਮੁੱਖ ਮੰਤਰੀ ਵਲੋਂ ਦਿੱਤੇ ਜਾ ਰਹੇ ਰਾਤਰੀ ਭੋਜ ਦੀ ਅਣਦੇਖੀ ਕਰਨਾ ਉਸ ਕਾਰਣ ਜ਼ਿਆਦਾ ਚਰਚਿਤ ਹੋਇਆ ਕਿਉਂਕਿ ਰਾਤਰੀ ਭੋਜ ਤੋਂ ਇਕ ਦਿਨ ਪਹਿਲਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਨੇ ਵਿਧਾਨ ਸਭਾ ਇਜਲਾਸ 'ਚ ਆਪਣੀ ਹੀ ਸਰਕਾਰ ਵਿਰੁੱਧ ਵੱਡੇ ਹਮਲੇ ਬੋਲੇ ਸਨ। ਰੰਧਾਵਾ ਨੇ ਕਿਹਾ ਸੀ ਕਿ ਪੁਲਸ ਅਤੇ ਸਰਕਾਰ ਨੇ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਨਾ ਸਿਰਫ ਚਿੱਟੇ ਤੋਂ ਰਾਹਤ ਮਿਲਦੀ ਸਗੋਂ ਵਿਰੋਧੀਆਂ ਨੂੰ ਵੀ ਬੋਲਣ ਦਾ ਮੌਕਾ ਨਾ ਮਿਲਦਾ। ਰਾਜਾ ਵੜਿੰਗ ਨੇ ਪੰਜਾਬ 'ਚ ਟਰਾਂਸਪੋਰਟ ਮਾਫੀਆ ਦੇ ਬੋਲਬਾਲੇ 'ਤੇ ਆਪਣੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ 3 ਸਾਲਾਂ ਦੇ ਸ਼ਾਸਨਕਾਲ 'ਚ ਅਸੀਂ ਟਰਾਂਸਪੋਰਟ ਪਾਲਿਸੀ ਹੀ ਨਹੀਂ ਲਿਆ ਸਕੇ। ਵੜਿੰਗ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੇ ਕਥਨ 'ਤੇ ਉਨ੍ਹਾਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ 'ਚ ਤਾਇਨਾਤ ਆਰ. ਟੀ. ਓ. ਮੰਤਰੀ ਤਕ ਦੀ ਨਹੀਂ ਸੁਣਦੇ ਤਾਂ ਸਮਝ 'ਚ ਨਹੀਂ ਆਉਂਦਾ ਕਿ ਆਖਿਰ ਇਨ੍ਹਾਂ ਦੀਆਂ ਬਦਲੀਆਂ ਕਰਦਾ ਕੌਣ ਹੈ?

ਕੈਪਟਨ ਅਮਰਿੰਦਰ ਸਰਕਾਰ ਦੇ ਫੇਲ ਹੋਣ ਨੂੰ ਲੈ ਕੇ ਪੱਤਰ ਲਿਖਣ ਤੋਂ ਇਲਾਵਾ ਵਿਧਾਨ ਸਭਾ ਇਜਲਾਸ 'ਚ ਵੀ ਪਰਗਟ ਸਿੰਘ ਨੇ ਸਰਕਾਰ ਨੂੰ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਲੰਮੇ ਹੱਥੀਂ ਲਿਆ ਸੀ। ਅਜਿਹੇ ਹਾਲਾਤ 'ਚ ਹੋਰ ਵਿਧਾਇਕਾਂ 'ਚ ਪਣਪ ਰਿਹਾ ਅਸੰਤੋਸ਼ ਵੱਡਾ ਕਾਰਣ ਹੈ ਕਿ ਜ਼ਿਆਦਾਤਰ ਵਿਧਾਇਕਾਂ ਦੀ ਗੈਰ-ਹਾਜ਼ਰੀ ਕਾਰਣ ਮੁੱਖ ਮੰਤਰੀ ਦੀ ਡਿਨਰ ਡਿਪਲੋਮੇਸੀ ਸੂਬੇ ਦੀ ਰਾਜਨੀਤੀ 'ਚ ਨਵੀਆਂ ਚਰਚਾਵਾਂ ਨੂੰ ਜਨਮ ਦੇ ਗਈ ਹੈ। ਤਕਰੀਬਨ 7 ਮਹੀਨੇ ਪਹਿਲਾਂ ਮੁੱਖ ਮੰਤਰੀ ਨੇ ਇਨ੍ਹਾਂ ਕਾਰਣਾਂ ਨੂੰ ਲੈ ਕੇ ਅਜਿਹਾ ਹੀ ਇਕ ਰਾਤਰੀ ਭੋਜ ਦਿੱਤਾ ਸੀ। 6 ਅਗਸਤ 2029 ਦੀ ਸ਼ਾਮ ਨੂੰ ਰਾਤਰੀ ਭੋਜ 'ਚ ਵਿਧਾਇਕਾਂ ਦੀ ਗਿਣਤੀ ਬਿਹਤਰ ਸੀ ਪਰ 3 ਮਾਰਚ 2020 ਦੀ ਸ਼ਾਮ ਨੂੰ ਸਥਿਤੀ ਉਲਟ ਦਿਖਾਈ ਦਿੱਤੀ। ਪਿਛਲੀ ਵਾਰ ਕਈ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਦਾ ਬਚਾਅ ਕਰਨ ਲਈ ਅੱਗੇ ਆਏ ਸਨ ਪਰ ਹਾਲ ਹੀ ਦੇ ਇਜਲਾਸ ਦੌਰਾਨ ਅਜਿਹੀ ਕੋਈ ਵੀ ਸਰਗਰਮੀ ਦਿਖਾਈ ਨਹੀਂ ਦਿੱਤੀ। ਹੁਣ ਕਾਂਗਰਸੀ ਵਿਧਾਇਕਾਂ ਦਾ ਅਸੰਤੋਸ਼ ਜ਼ਿਆਦਾ ਦਿਖਾਈ ਦੇ ਰਿਹਾ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈ. ਅਮਰਿੰਦਰ ਦੇ ਗ੍ਰਹਿ ਜ਼ਿਲੇ ਪਟਿਆਲਾ ਨਾਲ ਸਬੰਧਤ ਚਾਰ ਕਾਂਗਰਸੀ ਵਿਧਾਇਕ ਵੀ ਆਪਣੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਚੁੱਕੇ ਹਨ। ਇਕ ਵਿਧਾਇਕ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰਾਤਰੀ ਭੋਜ 'ਚ ਵਿਧਾਇਕਾਂ ਦੀ ਗਿਣਤੀ ਘੱਟ ਹੋਣ ਨਾਲ ਮੁੱਖ ਮੰਤਰੀ ਕਰੀਬ ਅੱਧਾ ਘੰਟਾ ਹੀ ਉਥੇ ਰੁਕੇ ਪਰ ਵਿਧਾਇਕਾਂ ਦੀ ਗਿਣਤੀ ਘੱਟ ਹੋਣ ਕਾਰਣ ਉਨ੍ਹਾਂ ਕੋਈ ਖਾਸ ਤਵੱਜੋ ਨਹੀਂ ਦਿੱਤੀ ਪਰ ਜੋ ਵੀ ਹੋਵੇ ਕਾਂਗਰਸ ਦੇ ਅੰਦਰ ਸੁਲਗ ਰਹੀ ਵਿਰੋਧ ਦੀ ਅੱਗ ਨਾਲ ਪਾਰਟੀ ਲਈ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਸੱਤਾ ਹਾਸਲ ਕਰਨ ਦੀ ਰਾਹ ਦਿੱਕਤਾਂ ਨਾਲ ਭਰੀ ਸਾਬਤ ਹੋਵੇਗੀ।


Related News