ਕੈਪਟਨ ਅਮਰਿੰਦਰ ਸਿੰਘ ਜਲੰਧਰ ਸਣੇ ਰੈੱਡ ਜ਼ੋਨ ''ਚ ਸ਼ਾਮਲ ਜ਼ਿਲ੍ਹਿਆਂ ''ਤੇ ਰੱਖਣਗੇ ਸਿੱਧੀ ਨਜ਼ਰ

Wednesday, Apr 29, 2020 - 09:25 PM (IST)

ਕੈਪਟਨ ਅਮਰਿੰਦਰ ਸਿੰਘ ਜਲੰਧਰ ਸਣੇ ਰੈੱਡ ਜ਼ੋਨ ''ਚ ਸ਼ਾਮਲ ਜ਼ਿਲ੍ਹਿਆਂ ''ਤੇ ਰੱਖਣਗੇ ਸਿੱਧੀ ਨਜ਼ਰ

ਜਲੰਧਰ,(ਧਵਨ)– ਪੰਜਾਬ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਅੱਜ ਇੱਥੇ ਇਕ ਪਾਸੇ ਗ੍ਰੀਨ ਅਤੇ ਓਰੈਂਜ ਜ਼ੋਨਾਂ 'ਚ ਸ਼ਾਮਲ ਜ਼ਿਲ੍ਹਿਆਂ ਨੂੰ ਛੋਟ ਪ੍ਰਦਾਨ ਕੀਤੀ ਹੈ ਤਾਂ ਦੂਜੇ ਪਾਸੇ ਜਲੰਧਰ ਵਰਗੇ ਰੈੱਡ ਜ਼ੋਨ 'ਚ ਸ਼ਾਮਲ ਜ਼ਿਲਿਆਂ 'ਚ ਲੋਕਾਂ ਨੂੰ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਛੋਟ ਦਾ ਕੋਈ ਲਾਭ ਨਹੀਂ ਮਿਲੇਗਾ। ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖੁਦ ਰੈੱਡ ਜ਼ੋਨ 'ਚ ਸ਼ਾਮਲ ਜ਼ਿਲ੍ਹਿਆਂ 'ਤੇ ਨਜ਼ਰ ਰੱਖ ਕੇ ਕੰਮ ਕਰ ਰਹੇ ਹਨ। ਰੈੱਡ ਜ਼ੋਨ 'ਚ ਸ਼ਾਮਲ ਜ਼ਿਲ੍ਹਿਆਂ 'ਚ ਜਲੰਧਰ ਤੋਂ ਇਲਾਵਾ ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਰੈੱਡ ਜ਼ੋਨ 'ਚ ਉਹ ਜ਼ਿਲੇ ਸ਼ਾਮਲ ਹਨ, ਜਿੱਥੋਂ ਦੀ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਖੁਦ ਜਲੰਧਰ ਦੀ ਸਿਵਲ ਸਰਜ਼ਨ ਡਾ. ਚਾਵਲਾ ਨਾਲ ਸਿੱਧੀ ਵੀਡਿਓ ਕਾਨਫਰਸਿੰਗ ਕਰਕੇ ਜਲੰਧਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਸੀ ਅਤੇ ਨਾਲ ਹੀ ਸਿਵਲ ਸਰਜਨ ਨੂੰ ਇਸ ਮਹਾਮਾਰੀ ਨਾਲ ਸਖਤੀ ਨਾਲ ਨਜਿੱਠਣ ਦੇ ਨਿਰਦੇਸ਼ ਵੀ ਦਿੱਤੇ ਸਨ।
ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਲੰਧਰ 'ਚ ਕੋਰੋਨਾ ਵਾਇਰਸ ਦੇ ਕੇਸ ਵੱਧਣ ਦਾ ਇਕ ਇਹ ਵੀ ਕਾਰਣ ਹੈ ਕਿ ਜਲੰਧਰ 'ਚ ਸਭ ਤੋਂ ਵੱਧ ਟੈਸਟ ਕੀਤੇ ਗਏ ਹਨ, ਜਦਕਿ ਬਾਕੀ ਜ਼ਿਲ੍ਹਿਆਂ 'ਚ ਕੀਤੇ ਗਏ ਟੈਸਟਾਂ ਦੀ ਗਿਣਤੀ ਕਾਫੀ ਘੱਟ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਰੈੱਡ ਜ਼ੋਨ 'ਚ ਸ਼ਾਮਲ ਜ਼ਿਲ੍ਹਿਆਂ 'ਚ ਸਖਤੀ ਨਾਲ ਕੰਮ ਕਰਦਿਆਂ ਕੋਰੋਨਾ ਵਾਇਰਸ 'ਤੇ ਕਾਬੂ ਪਾਇਆ ਜਾਵੇ। ਕੈਪਟਨ ਅਮਰਿੰਦਰ ਨੇ 17 ਮਈ ਤਕ ਕਰਫਿਊ ਦੀ ਮਿਆਦ ਨੂੰ ਵਧਾ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਪੂਰਾ ਧਿਆਨ ਰੈੱਡ ਜ਼ੋਨ ਜ਼ਿਲਿਆਂ 'ਤੇ ਹੈ। ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਰੈੱਡ ਜ਼ੋਨ ਜ਼ਿਲਿਆਂ 'ਚ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ।

 


author

Deepak Kumar

Content Editor

Related News