ਕੈਪਟਨ ਅਮਰਿੰਦਰ ਸਿੰਘ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

Saturday, Oct 26, 2019 - 08:09 PM (IST)

ਕੈਪਟਨ ਅਮਰਿੰਦਰ ਸਿੰਘ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਸੂਬਾ ਵਾਸੀ ਇਹ ਤਿਉਹਾਰ ਵਾਤਾਵਰਣ-ਪੱਖੀ ਹੋ ਕੇ ਮਨਾਉਣਗੇ ਤੇ ਇਹ ਪਵਿੱਤਰ ਦਿਹਾੜਾ ਹਰੇਕ ਲਈ ਤਰੱਕੀ ਤੇ ਖੁਸ਼ਹਾਲੀ ਲਿਆਵੇਗਾ। ਉਨ੍ਹਾਂ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਰੋਕਣ ਦੀ ਵੀ ਅਪੀਲ ਕੀਤੀ। ਦੀਵਾਲੀ ਦੀ ਪੂਰਬਲੀ ਸ਼ਾਮ ਆਪਣੇ ਸੰਦੇਸ਼ 'ਚ ਮੁੱਖ ਮੰਤਰੀ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਵੀ ਪ੍ਰੇਰਿਆ ਤੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਤਾਂ ਜੋ ਅਸੀਂ ਆਪਣੇ ਤੇ ਆਉਣ ਵਾਲੀਆਂ ਪੀੜੀਆਂ ਲਈ ਸਾਫ-ਸੁਥਰਾ ਤੇ ਸ਼ੁੱਧ ਵਾਤਾਵਰਣ ਸਿਰਜ ਸਕੀਏ। ਮੁੱਖ ਮੰਤਰੀ ਨੇ ਸਮੂਹ ਲੋਕਾਂ ਖਾਸ ਕਰ ਕੇ ਸਿੱਖ ਪੰਥ ਨੂੰ 'ਬੰਦੀ ਛੋੜ ਦਿਵਸ' ਦੇ ਇਤਿਹਾਸਕ ਦਿਹਾੜੇ ਦੀ ਵੀ ਨਿੱਘੀ ਮੁਬਾਰਕਬਾਦ ਦਿੱਤੀ। ਇਹ ਦਿਵਸ 1612 'ਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲੇ ਤੋਂ 52 ਹਿੰਦੂ ਰਾਜਿਆਂ ਨੂੰ ਛੁਡਾਉਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਹੁਨਰਮੰਦੀ ਦੀ ਭਾਵਨਾ ਸਮੁੱਚੇ ਮਾਨਵ ਜਗਤ 'ਚ ਹੋਰ ਪ੍ਰਬਲ ਹੋਵੇਗੀ ਤੇ ਕਿਰਤੀ ਵਰਗ ਦਾ ਸਤਿਕਾਰ ਹੋਰ ਵਧੇਗਾ। ਉਨ੍ਹਾਂ ਨਾਲ ਹੀ ਆਸ ਪ੍ਰਗਟਾਈ ਕਿ ਸਮੂਹ ਕਿਰਤੀ ਵਰਗ ਦਾ ਜੀਵਨ ਹੋਰ ਵੀ ਖੁਸ਼ਹਾਲ ਹੋਵੇਗਾ।


Related News