ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਨਗੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ

10/30/2019 9:32:38 PM

ਸੁਲਤਾਨਪੁਰ ਲੋਧੀ,(ਸੋਢੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਵਲੋਂ 550ਵੇਂ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ 200 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਲੋਕ ਅਰਪਣ ਕਰਨਗੇ। ਇਸ ਬਾਰੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਪਿਹਰ 12 ਵਜੇ ਤਲਵੰਡੀ ਚੌਧਰੀਆਂ ਰੋਡ 'ਤੇ ਪੁੱਡਾ ਕਾਲੋਨੀ 'ਚ (ਸਾਹਮਣੇ ਅਮਨਪ੍ਰੀਤ ਹਸਪਤਾਲ) ਬਣਾਏ ਗਏ ਪੰਡਾਲ ਵਿਖੇ ਸੰਗਤ ਨੂੰ ਸੰਬੋਧਨ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਸਾਲ 2018 ਦੌਰਾਨ ਸੁਲਤਾਨਪੁਰ ਲੋਧੀ ਲਈ ਅਨੇਕਾਂ ਵਿਕਾਸ ਪ੍ਰਾਜੈਕਟਾਂ ਦੇ ਨੀਹ ਪੱਥਰ ਰੱਖੇ ਗਏ ਸਨ ਜੋ ਕਿ ਹੁਣ ਮੁਕੰਮਲ ਹੋ ਚੁੱਕੇ ਹਨ।

ਚੀਮਾ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਰੋਡ ਤੇ ਮਾਛੀਜੋਵਾ ਰੋਡ 'ਤੇ ਦੋ ਪੁੱਲ, ਪਵਿੱਤਰ ਵੇਈਂ ਉੱਪਰ ਦੋ ਹਾਈ ਲੈਵਲ ਬ੍ਰਿੱਜ, ਦੋ ਪਲਟੂਨ ਪੁੱਲ, ਨਵੇਂ ਬੱਸ ਅੱਡੇ ਤੇ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਘਰ ਦੇ ਉਦਘਾਟਨ ਮੁੱਖ ਮੰਤਰੀ ਵਲੋਂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਨਿੱਜੀ ਤੌਰ 'ਤੇ ਜਾਇਜ਼ਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੱਖਾਂ ਦੀ ਗਿਣਤੀ 'ਚ ਆਉਣ ਵਾਲੀ ਸੰਗਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੇ ਗਵਾਹ ਬਣਨ।


Related News