ਕੈਪਟਨ ਵਲੋਂ ਕਿਸਾਨ ਵਿਕਾਸ ਚੈਂਬਰ ਦਾ ਕੰਮਕਾਜ ਮੋਹਾਲੀ ''ਚ ਕਾਲਕਟ ਭਵਨ ਤੋਂ ਚਲਾਉਣ ਦੀ ਪ੍ਰਵਾਨਗੀ

Monday, Feb 10, 2020 - 11:59 PM (IST)

ਚੰਡੀਗੜ੍ਹ,(ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨ ਵਿਕਾਸ ਚੈਂਬਰ ਪੰਜਾਬ (ਕੇ. ਵੀ. ਸੀ. ਪੀ.) ਦੀ ਕਾਰਜਕਾਰੀ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦੀ ਆਰਥਿਕ ਤਰੱਕੀ ਨਾਲ ਸਬੰਧਤ ਮੁੱਦਿਆਂ 'ਤੇ ਚੈਂਬਰ ਨੂੰ ਆਪਣਾ ਦਫ਼ਤਰ ਮੋਹਾਲੀ 'ਚ ਕਾਲਕਟ ਭਵਨ ਤੋਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇ. ਵੀ. ਸੀ. ਪੀ. ਦੇ ਕਾਰਜਕਾਰੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੈ. ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵਲੋਂ ਖੇਤੀ ਵਿਭਿੰਨਤਾ 'ਚ ਖੋਜ ਤੇ ਵਿਕਾਸ, ਸਵੈ-ਨਿਰਭਰ ਮੰਡੀਕਰਨ ਸਹਾਇਤਾ ਵਿਧੀ, ਮੌਸਮ ਬਦਲਾਅ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੀਆਂ ਗਤੀਵਿਧੀਆਂ ਸਮੇਤ ਭਵਿੱਖ 'ਚ ਇਸ ਦਾ ਦਾਇਰਾ ਵਧਾਉਣ ਲਈ ਢੁੱਕਵੀਂ ਦਫ਼ਤਰੀ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਚੈਂਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਦੇ ਹੁਕਮ ਦਿੱਤੇ ਤਾਂ ਕਿ ਉਨ੍ਹਾਂ ਦੇ ਕੰਮਕਾਜ ਦੇ ਦਾਇਰੇ ਦੇ ਮੱਦੇਨਜ਼ਰ ਵਾਧੂ ਜਗ੍ਹਾ ਦੀ ਲੋੜ ਦਾ ਪਤਾ ਲਾਇਆ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ, ਬਿਜਲੀ/ਪਾਣੀ ਦੇ ਖਰਚੇ ਅਤੇ ਸੁਰੱਖਿਆ ਦਾ ਸਮੁੱਚਾ ਖਰਚਾ ਸੂਬਾ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਨੂੰ ਚੈਂਬਰ ਦੇ ਰੋਜ਼ਮਰ੍ਹਾ ਦੇ ਕੰਮ-ਕਾਜ ਦੇ ਨਾਲ-ਨਾਲ ਮਾਹਿਰਾਂ ਅਤੇ ਖੋਜਕਾਰਾਂ ਨਾਲ ਵਿਚਾਰ-ਵਟਾਂਦਰੇ ਲਈ ਗ੍ਰਾਂਟ-ਇਨ-ਏਡ ਮੁਹੱਈਆ ਕਰਵਾਉਣ ਵਾਸਤੇ ਬਜਟ 'ਚ ਉਪਬੰਧ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਚੈਂਬਰ ਦੀ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਛੇਤੀ ਹੀ ਸੱਦਣ ਦਾ ਵਾਅਦਾ ਕੀਤਾ, ਜਿਸ 'ਚ ਸੂਬੇ 'ਚ ਖੇਤੀਬਾੜੀ ਦੇ ਵਿਕਾਸ ਲਈ ਉਭਰਦੇ ਮੌਕਿਆਂ ਅਤੇ ਤਾਜ਼ਾ ਤਕਨੀਕਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮੀਟਿੰਗ 'ਚ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬੀ. ਐੱਸ. ਸਿੱਧੂ ਤੋਂ ਇਲਾਵਾ ਕਿਸਾਨ ਵਿਕਾਸ ਚੈਂਬਰ ਦੀ ਨੁਮਾਇੰਦਗੀ ਇਸ ਦੇ ਪ੍ਰਧਾਨ ਕਰਮਵੀਰ ਸਿੰਘ ਸਿੱਧੂ, ਪਿਛਲੇ ਪ੍ਰਧਾਨ ਕੁਲਵੰਤ ਸਿੰਘ ਆਹਲੂਵਾਲੀਆ, ਫੁੱਲਾਂ ਦੀ ਕਾਸ਼ਤ 'ਚ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੀਂਡਸਾ ਅਤੇ ਪ੍ਰਗਤੀਸ਼ੀਲ ਮੱਛੀ ਪਾਲਕ ਗੁਰਜਤਿੰਦਰ ਸਿੰਘ ਵਿਰਕ (ਸਾਰੇ ਕਾਰਜਕਾਰੀ ਮੈਂਬਰ) ਨੇ ਕੀਤੀ।


Related News