ਪੰਜਾਬ ''ਚ ਕਪਾਹ ਦੀ ਰਿਕਾਰਡ ਪੈਦਾਵਾਰ, ਮੁੱਖ ਮੰਤਰੀ ਨੇ ਕੀਤੀ ਸ਼ਲਾਘਾ

12/19/2019 7:44:19 PM

ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਮਾਲਵਾ ਖੇਤਰ ਦੇ ਕਿਸਾਨਾਂ ਵੱਲੋਂ ਕਪਾਹ ਦੀ ਰਿਕਾਰਡ ਪੈਦਾਵਾਰ ਕੀਤੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਖੇਤੀ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਅਗਲੀ ਸਾਉਣੀ ਦੇ ਮੌਸਮ 'ਚ ਕਪਾਹ ਉਤਪਾਦਕਾਂ ਨੂੰ ਪੇਸ਼ਗੀ ਸਹਾਇਤਾ ਦੇਣ। ਇਸ ਵਾਰ ਕਪਾਹ ਦੀ ਪੈਦਾਵਾਰ 18.20 ਲੱਖ ਗੰਢਾਂ ਦੀ ਹੋਈ ਹੈ ਜਦਕਿ ਪਿਛਲੇ ਸਾਲ ਇਹ 12.23 ਲੱਖ ਗੰਢਾਂ ਸੀ। ਪ੍ਰਤੀ ਏਕੜ ਔਸਤ ਪੈਦਾਵਾਰ 10 ਕੁਇੰਟਲ ਹੋ ਗਈ ਹੈ ਜਦਕਿ ਪਿਛਲੇ ਸਾਲ 9.31 ਕੁਇੰਟਲ ਪ੍ਰਤੀ ਏਕੜ ਸੀ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਖੇਤੀ ਮਹਿਕਮਾ ਵੀ ਹੈ, ਦੀ ਪ੍ਰੇਰਣਾ 'ਤੇ ਖੇਤੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਪਾਹ ਦੀ ਪੈਦਾਵਾਰ ਲਗਾਤਾਰ ਵਧਾਉਣ ਅਤੇ ਫ਼ਸਲ ਨੂੰ ਕੀੜਿਆਂ ਦੀ ਮਾਰ ਤੋਂ ਬਚਾਉਣ ਲਈ ਲਗਾਤਾਰ ਗੰਭੀਰ ਯਤਨ ਕੀਤੇ ਜਾਂਦੇ ਰਹੇ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਸਰਕਾਰ ਦੇ ਫਸਲਾਂ 'ਚ ਵੰਨ-ਸੁਵੰਨਤਾ ਲਿਆਉਣ ਦੇ ਪ੍ਰੋਗਰਾਮ ਦਾ ਫਾਇਦਾ ਲੈਂਦੇ ਹੋਏ ਕਪਾਹ ਦੀ ਫ਼ਸਲ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਕਾਰਣ ਕਪਾਹ ਦੇ ਅਧੀਨ ਆਉਂਦੇ ਰਕਬੇ 'ਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਇਜ਼ਾਫ਼ਾ ਹੋਇਆ। ਪਿਛਲੇ ਸਾਲ ਕਪਾਹ ਹੇਠ ਆਉਂਦਾ ਰਕਬਾ 6.70 ਲੱਖ ਏਕੜ ਸੀ, ਜਿਹੜਾ ਇਸ ਸਾਲ ਵਧ ਕੇ 9.80 ਹੋ ਗਿਆ।

ਮੁੱਖ ਮੰਤਰੀ ਦੀ ਪਹਿਲ 'ਤੇ ਭਾਰਤੀ ਕਪਾਹ ਨਿਗਮ ਨੇ ਸਮੇਂ ਸਿਰ ਦਖ਼ਲ ਦਿੱਤਾ, ਜਿਸ ਕਾਰਣ ਹੁਣ ਤੱਕ ਕਪਾਹ ਦੀ 4.36 ਲੱਖ ਕੁਇੰਟਲ ਫ਼ਸਲ ਨੂੰ ਖ਼ਰੀਦਿਆ ਜਾ ਚੁੱਕਾ ਹੈ। ਭਾਰਤ ਸਰਕਾਰ ਨੇ ਕਪਾਹ ਦੀ ਘੱਟੋ-ਘੱਟ ਕ਼ੀਮਤ ਮੁਕ਼ੱਰਰ ਕੀਤੀ ਸੀ। ਮੁੱਖ ਮੰਤਰੀ ਨੇ ਪੰਜਾਬ ਜ਼ਰਾਇਤੀ ਯੂਨੀਵਰਸਿਟੀ ਲੁਧਿਆਣਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਖੇਤੀ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਬੀਜ ਮੁਹੱਈਆ ਕਰਾਏ । ਉਨ੍ਹਾਂ ਖੇਤੀ ਵਿਭਾਗ ਨੂੰ ਕਿਹਾ ਕਿ ਉਹ ਆਉਂਦੀ ਸਾਉਣੀ 'ਚ ਕਪਾਹ ਅਧੀਨ ਆਉਂਦੇ ਰਕ਼ਬੇ ਦਾ ਵਿਸਥਾਰ ਕਰਵਾਉਂਦੇ ਹੋਏ ਇਸ ਨੂੰ 12.50 ਲੱਖ ਏਕੜ ਤੱਕ ਲੈ ਜਾਣ। ਇਸੇ ਦੌਰਾਨ, ਖੇਤੀ ਵਿਭਾਗ ਦੇ ਸਕੱਤਰ ਕੇ.ਐੱਸ.ਪਨੂੰ ਨੇ ਕਿਹਾ ਹੈ ਕਿ ਸਫ਼ੈਦ ਸੋਨੇ ਵਜੋਂ ਜਾਣੀ ਜਾਂਦੀ ਕਪਾਹ ਦੀ ਬੰਪਰ ਪੈਦਾਵਾਰ ਹੋਈ ਹੈ, ਜਿਸ ਪਿੱਛੇ ਡ੍ਰਿਪ ਸਿੰਜਾਈ ਪ੍ਰਣਾਲੀ ਅਪਣਾਉਣ ਦਾ ਯੋਗਦਾਨ ਵੀ ਸ਼ਾਮਿਲ ਹੈ। ਉਤਪਾਦਨ ਲਾਗਤ 'ਚ ਕਮੀ ਖਾਦਾਂ 'ਤੇ ਨਿਰਭਰਤਾ ਘਟਾਏ ਜਾਣ ਕਾਰਣ ਹੋਈ ਹੈ, ਜਿਹੜੀ ਕਿਸਾਨਾਂ ਲਈ ਫ਼ਾਇਦੇਮੰਦ ਰਹੀ ਹੈ।


Related News